ਪੁਲਿਸ ਪ੍ਰਸ਼ਾਸਨ ਨਜਦੀਕੀ ਸਿਹਤ ਕੇਂਦਰਾ ਨੂੰ ਢੁਕਵੀਂ ਸੁਰੱਖਿਆ ਕਰਵਾਏ ਮੁਹੱਇਆ – ਡਿਪਟੀ ਕਮਿਸ਼ਨਰ
ਹਸਪਤਾਲਾਂ ਪ੍ਰਸਾਸਿਨਕ ਅਧਿਕਾਰੀਆਂ ਨੂੰ ਹਦਾਇਤ ਕਿ ਜਿਲ੍ਹੇ ਦੇ ਹਰ ਹਸਪਤਾਲ 'ਚ ਪੁਲਿਸ ਹੈਲਪਲਾਈਨ ਨੰਬਰ 112 ਨੂੰ ਵੱਡੇ ਅੱਖਰਾਂ ਵਿੱਚ ਲਿਖਿਆ ਜਾਵੇ
ਮਾਲੇਰਕੋਟਲਾ : ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਹੈਲਥਕੇਅਰ ਪ੍ਰੋਫੈਸ਼ਨਲਾਂ ਵਿਰੁੱਧ ਹੋ ਰਹੀ ਹਿੰਸਾ ਦੀ ਰੋਕਥਾਮ ਲਈ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਹੈਲਥ ਸੈਂਟਰ/ ਹਸਪਤਾਲਾਂ ਵਿੱਚ ਡਾਕਟਰਾਂ ਜਾ ਸਟਾਫ ਉੱਪਰ ਆਮ ਜਨਤਾ ਵੱਲੋਂ ਕੀਤੀ ਜਾਂਦੀ ਹਿੰਸਾ ਨੂੰ ਰੋਕਣ ਲਈ ਵਿਸ਼ੇਸ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਗਏ। ਉਹਨਾਂ ਕਿਹਾ ਕਿ ਡਾਕਟਰ ਇੱਕ ਅਜਿਹਾ ਕਿੱਤਾ ਹੈ ਜਿਸ ਬਿਨਾਂ ਇੱਕ ਤੰਦਰੁਸਤ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਜੇਕਰ ਡਾਕਟਰ ਨੂੰ ਧਰਤੀ ਉੱਪਰ ਦੂਸਰਾ ਰੱਬ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਸਮੁੱਚੇ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ ਕਿ ਅਸੀ ਮੈਡੀਕਲ ਸਟਾਫ ਅਤੇ ਹਸਪਤਾਲ ਦੀ ਬਿਲਡਿੰਗ ਦੀ ਸੁਰੱਖਿਆ ਨੂੰ ਯਕੀਨੀ ਬਣਾਈਏ। ਇਸ ਮੌਕੇ ਉਹਨਾਂ ਕਿਹਾ ਕਿ ਡਾਕਟਰੀ ਸਟਾਫ ਉੱਪਰ ਹੁੰਦੀ ਹਿੰਸਾ ਪ੍ਰਤੀ ਪੰਜਾਬ ਸਰਕਾਰ ਵਧੇਰੇ ਚਿੰਤਿਤ ਹੈ। ਇਸ ਦੇ ਹਲ ਲਈ ਡਾਇਰੈਕਟਰ ਸਿਹਤ ਸੇਵਾਵਾਂ, ਪੰਜਾਬ ਦੁਆਰਾ ਇਸ ਹਿੰਸਾ ਨਾਲ ਨਜੀਠਣ ਲਈ ਐਸ.ਐਮ.ਓ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕਰਨ ਦੀ ਨਿਰਦੇਸ਼ ਦਿੱਤੇ। ਜੋ ਕਿ ਸਟਾਫ ਦੀ ਸੁਰੱਖਿਆ ਦਾ ਪੁਖਤਾ ਪ੍ਰਬੰਧ ਕਰੇਗੀ। ਉਹਨਾਂ ਕਿਹਾ ਕਿ ਰਾਤ ਦੀ ਡਿਊਟੀ ਦੇ ਮੱਦੇਨਜਰ ਸੁਰੱਖਿਆ ਲਈ ਲਗਾਤਾਰ ਪੁਲਿਸ ਦੇ ਗਸ਼ਤ, ਰੋਸ਼ਨੀ ਦਾ ਪੁਖਤਾ ਪ੍ਰਬੰਧ, ਸੀ.ਸੀ.ਟੀ.ਵੀ. ਕੈਮਰਿਆਂ ਦਾ ਹੋਣਾ, ਡਿਊਟੀ ਦੌਰਾਨ ਸਾਰੇ ਸਟਾਫ ਕੋਲ ਫੋਟੋ ਆਈ.ਡੀ ਕਾਰਡ ਦਾ ਹੋਣਾ ਲਾਜਮੀ ਕੀਤਾ ਜਾਵੇ। ਹਰ ਹਸਪਤਾਲ ਵਿੱਚ ਪੁਲਿਸ ਹੈਲਪਲਾਈਨ ਨੰ. 112 ਨੂੰ ਵੱਡੇ ਅੱਖਰਾਂ ਵਿੱਚ ਡਿਸਪਲੇ ਕੀਤਾ ਜਾਵੇ ਤਾਂ ਜੋ ਹਿੰਸਾ ਹੋਣ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾ ਸਕੇ ਅਤੇ ਨਜਦੀਕੀ ਪੁਲਿਸ ਸਟੇਸ਼ਨ ਤੁਰੰਤ ਮੌਕੇ ਤੇ ਪਹੁੰਚ ਕੇ ਹਿੰਸਾ ਨੂੰ ਰੋਕੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ। ਇਸ ਤੋਂ ਇਲਾਵਾ ਜੇ ਕਿਸੇ ਸਟਾਫ ਮੈਂਬਰ ਨਾਲ ਜਿਨਸੀ ਸ਼ੋਸਣ ਹੁੰਦਾ ਹੈ ਤਾਂ ਪੰਜ ਮੈਂਬਰੀ ਕਮੇਟੀ ਇਸ ਦੀ ਜਾਂਚ ਕਰੇਗੀ। ਉਨ੍ਹਾਂ ਪੁਲਿਸ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਕਿ ਰਾਤ ਦੀ ਡਿਊਟੀ ਕਰਨ ਵਾਲੇ ਸਟਾਫ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਰਾਤ ਦੀ ਗਸ਼ਤ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਜ਼ਿਲ੍ਹਾ ਸਿਵਲ ਹਸਪਤਾਲ ਅਤੇ ਸਿਹਤ ਕੇਂਦਰ ਦੇ ਨੇੜੇ ਦੇ ਪੁਲਿਸ ਸਟੇਸ਼ਨਾਂ /ਚੌਕੀਆਂ ਵਿਖੇ ਮਹਿਲਾ ਪੁਲਿਸ ਕਰਮਚਾਰੀ ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਮੇਟੀ ਮੈਂਬਰਾਂ ਨੂੰ ਕਿਹਾ ਕਿ "ਪੰਜਾਬ ਪ੍ਰੋਟੈਕਸ਼ਨ ਆਫ ਮੈਡੀਕੇਅਰ ਸਰਵਿਸ ਪਰਸਨਜ਼ ਐਕਟ, 2008" ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਸੂਚਨਾਵਾਂ ਨਾਲ ਸਬੰਧਿਤ ਬੋਰਡ ਹਸਪਤਾਲ ਵਿੱਚ ਲਗਾਏ ਜਾਣ। ਸਿਹਤ ਕਰਮਚਾਰੀਆਂ ਨੁੰ ਐਮਰਜੈਂਸੀ ਸਥਿਤੀ ਵਿੱਚ 112 ਹੈਲਪਲਾਈਨ ਨੂੰ ਕਾਲ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਮੌਕੇ ਡੀ.ਐਸ.ਪੀ. ਸ੍ਰੀ ਕੁਲਦੀਪ ਸਿੰਘ ਨੇ ਲੋੜ ਪੈਣ ਪੁਲਿਸ ਕੰਟਰੋਲ ਰੂਮ ਦੇ ਨੰਬਰ 91155-87200 ਅਤੇ 91155-87100 ਤੇ ਤੁਰੰਤ ਸੰਪਰਕ ਕਰਨ ਲਈ ਕਿਹਾ। ਡਿਪਟੀ ਮੈਡੀਕਲ ਕਮਿਸ਼ਨਰ ਡਾ.ਰਿਸ਼ਮਾਂ ਭੌਰਾ, ਸਹਾਇਕ ਸਿਵਲ ਸਰਜਨ ਡਾ. ਸੁਜੀਲਾ ਖਾਨ ਅਤੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਹਾਜ਼ਰ ਸਨ।