ਪਿੰਡ ਗੁਰੂ ਨਾਨਕ ਪੁਰਾ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਨਵੀਂਆਂ ਬਣਾਈਆਂ ਗਲੀਆਂ ਦਾ ਵੀ ਉਦਘਾਟਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਤੇ ਸ਼ਹਿਰਾਂ ਦੇ ਇਕਸਾਰ ਵਿਕਾਸ ਲਈ ਵਚਨਬੱਧ-ਜੌੜਾਮਾਜਰਾ
ਸਮਾਣਾ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਹਲਕੇ ਦੇ ਪਿੰਡ ਧਨੌਰੀ ਵਿਖੇ 48 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਛੱਪੜ ਦੇ ਕਰਵਾਏ ਨਵੀਨੀਕਰਨ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਇਕਸਾਰ ਵਿਕਾਸ ਲਈ ਵਚਨਬੱਧ ਹੈ। ਮੰਤਰੀ ਜੌੜਮਾਜਰਾ ਨੇ ਪਿੰਡ ਗੁਰੂ ਨਾਨਕ ਪੁਰਾ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਨਵੀਂਆਂ ਬਣਾਈਆਂ ਗਲੀਆਂ ਦਾ ਵੀ ਉਦਘਾਟਨ ਕੀਤਾ। ਇਸੇ ਦੌਰਾਨ ਲੰਕਸ਼ਮੀਰ ਵਿਖੇ ਪਿੰਡ ਬਲਮਗੜ੍ਹ ਦੇ ਫ਼ੌਜੀ ਜਵਾਨ ਪਰਦੀਪ ਸਿੰਘ ਦੀ ਯਾਦ ਸਦੀਵੀ ਤੌਰ 'ਤੇ ਕਾਇਮ ਕਰਨ ਲਈ ਪਿੰਡ 'ਚ ਲਗਾਏ ਗਏ ਬੁੱਤ ਨੂੰ ਵੀ ਲੋਕਾਂ ਦੇ ਸਮਰਪਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ਼ਹੀਦ ਦੀ ਯਾਦ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਪਿੰਡ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 1.26 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ।
ਚੇਤਨ ਸਿੰਘ ਜੌੜਾਮਾਜਰਾ ਨੇ ਲੋਕਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਹਰੇਕ ਪਿੰਡ ਵਾਸੀ ਪਲਾਸਟਿਕ ਦੇ ਲਿਫ਼ਾਫਿਆਂ ਦੀ ਘੱਟ ਤੋਂ ਘੱਟ ਵਰਤੋਂ ਕਰੇ ਅਤੇ ਘਰਾਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖੋ-ਵੱਖ ਕਰਕੇ ਵਾਤਾਵਰਣ ਦੀ ਸੰਭਾਲ ਲਈ ਆਪਣਾ ਫ਼ਰਜ ਜਰੂਰ ਨਿਭਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਗਤੀਸ਼ੀਲ ਅਗਵਾਈ ਹੇਠ ਪਿੰਡ ਧਨੌਰੀ ਵਿਖੇ ਮਨਰੇਗਾ ਸਕੀਮ ਅਤੇ ਕੰਨਵਰਜੈਂਸ ਤਹਿਤ 48 ਲੱਖ ਰੁਪਏ ਦੀ ਲਾਗਤ ਨਾਲ ਛੱਪੜ ਦਾ ਨਵੀਨੀਕਰਨ ਦਾ ਕੰਮ ਕਰਵਾਇਆ ਜਾ ਰਿਹਾ ਹੈ। ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਖਨਣ ਤੇ ਭੂ-ਵਿਗਿਆਨ, ਜਲ ਸਰੋਤ, ਜਲ ਤੇ ਭੂਮੀ ਰੱਖਿਆ, ਬਾਗਬਾਨੀ, ਸੁਤੰਤਰਤਾ ਸੰਗਰਾਮੀ ਅਤੇ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੀ ਹਨ, ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਲਈ ਸਮਾਣਾ ਹਲਕੇ ਦਾ ਵਿਕਾਸ ਕਦੇ ਤਰਜੀਹ ਨਹੀਂ ਰਿਹਾ, ਜਦੋਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮਾਣਾ ਸ਼ਹਿਰ ਸਮੇਤ ਹਲਕੇ ਦੇ ਪਿੰਡਾਂ ਲਈ ਗ੍ਰਾਂਟਾਂ ਦੀ ਕੋਈ ਘਾਟ ਨਹੀਂ ਛੱਡੀ, ਜਿਸ ਕਰਕੇ ਹਰੇਕ ਪਿੰਡ ਵਿੱਚ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਇਸ ਮੌਕੇ ਗੁਰਦੇਵ ਸਿੰਘ ਟਿਵਾਣਾ, ਗੁਲਜ਼ਾਰ ਸਿੰਘ, ਸੁਰਜੀਤ ਸਿੰਘ ਫੌਜੀ, ਨਿਸ਼ਾਨ ਸਿੰਘ ਚੀਮਾ, ਦੀਪਕ ਕੁਮਾਰ, ਬੀ.ਡੀ.ਪੀ.ਓ. ਅਮਰਦੀਪ ਸਿੰਘ, ਪੰਚਾਇਤੀ ਰਾਜ ਦੇ ਐਸ.ਡੀ.ਓ. ਦਿਨੇਸ਼ ਕੁਮਾਰ, ਪ੍ਰਬੰਧਕ ਸ਼ੈਰੀ ਬਾਂਸਲ, ਐਸ.ਈ.ਪੀ.ਓ. ਗੁਰਤੇਜ ਸਿੰਘ, ਅਤੇ ਪਿੰਡ ਵਾਸੀ ਮੌਜੂਦ ਸਨ।