ਤਲਾਣੀਆਂ ਵਿਖੇ 4 ਐਮ.ਐਲ.ਡੀ. ਦਾ ਇੱਕ ਹੋਰ ਐਸ.ਟੀ.ਪੀ. ਬਣਾਉਣ ਦੀ ਤਜ਼ਵੀਜ਼
ਫ਼ਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਵਿੱਚੋਂ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਸਰਹਿੰਦ ਵਿਖੇ 9 ਐਮ.ਐਲ.ਡੀ. ਦੇ ਦੋ ਟਰੀਟਮੈਂਟ ਪਲਾਂਟ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਜੋ ਕਿ ਆਉਦੇ ਦੋ-ਤਿੰਨ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਇਨ੍ਹਾਂ ਐਸ.ਟੀ.ਪੀਜ਼ ਦੇ ਬਣਨ ਨਾਲ ਸਰਹਿੰਦ ਵਿੱਚੋਂ ਗੰਦੇ ਪਾਣੀ ਦੀ ਸਮੱਸਿਆ ਦਾ ਮੁਕੰਮਲ ਹੱਲ ਹੋ ਜਾਵੇਗਾ। ਇਹ ਪ੍ਰਗਟਾਵਾ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਵਿਕਾਸ ਧਵਨ ਨੇ ਸਰਹਿੰਦ ਚੋਅ ਵਿੱਚ ਗੰਦਾ ਪਾਣੀ ਪੈਣ ਸਬੰਧੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਹਿੰਦ ਵਿਖੇ 5 ਐਮ.ਐਲ.ਡੀ. ਦਾ ਬਣਾਇਆ ਜਾ ਰਿਹਾ ਐਸ.ਟੀ.ਪੀ. 74 ਫੀਸਦੀ ਮੁਕੰਮਲ ਹੋ ਚੁੱਕਾ ਹੈ ਜਦੋਂ ਕਿ ਸ਼ੇਖੂਪੁਰਾ ਵਿਖੇ ਬਣਾਏ ਜਾ ਰਹੇ 4 ਐਮ.ਐਲ.ਡੀ. ਦੇ ਐਸ.ਟੀ.ਪੀ. ਦਾ ਕੰਮ ਵੀ 76 ਫੀਸਦੀ ਮੁਕੰਮਲ ਹੋ ਚੁੱਕਾ ਹੈ। ਇਸ ਸਬੰਧੀ ਐਸ.ਡੀ.ਓ. ਸੀਵਰੇਜ ਬੋਰਡ ਸ਼੍ਰੀ ਰਜਨੀਸ਼ ਕੁਮਾਰ ਨੇ ਦੱਸਿਆ ਕਿ ਬਸੀ ਪਠਾਣਾ ਵਿਖੇ ਬਣਾਏ ਜਾ ਰਹੇ 3 ਐਮ.ਐਲ.ਡੀ. ਦੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਵੀ ਮੁਕੰਮਲ ਹੋਣ ਵਾਲਾ ਹੈ ਅਤੇ ਇਸ ਦਾ 87 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਜਦੋਂ ਕਿ ਬਸੀ ਪਠਾਣਾ ਵਿਖੇ ਹੀ .2 ਐਮ.ਐਲ.ਡੀ. ਦਾ ਇੱਕ ਹੋਰ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਦੀ ਯੋਜਨਾ ਤੇ ਕੰਮ ਚੱਲ ਰਿਹਾ ਹੈ।
ਇਸ ਸਬੰਧੀ ਨਗਰ ਕੌਂਸਲ ਸਰਹਿੰਦ ਦੇ ਸੈਨੇਟਰੀ ਇੰਸਪੈਕਟਰ ਸ਼੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਬਰਸਾਤ ਦੌਰਾਨ ਸਰਹਿੰਦ ਚੋਅ ਵਿੱਚ ਪਾਣੀ ਓਵਰ ਫਲੋ ਹੋਣ ਦਾ ਮਾਮਲਾ ਧਿਆਨ ਵਿੱਚ ਆਇਆ ਸੀ ਅਤੇ ਤੁਰੰਤ ਨਗਰ ਕੌਂਸਲ ਦੀਆਂ ਟੀਮਾਂ ਨੇ ਇਸ ਦੀ ਸਾਫ ਸਫਾਈ ਕਰ ਦਿੱਤੀ ਸੀ ਅਤੇ ਪਾਣੀ ਦੀ ਨਿਕਾਸੀ ਵਿੱਚ ਜੋ ਤਕਨੀਕੀ ਸਮੱਸਿਆ ਆ ਰਹੀ ਸੀ ਉਸ ਸਬੰਧੀ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਸੀ।