ਚੰਡੀਗੜ੍ਹ : ਫ਼ਾਜ਼ਿਲਕਾ ਤੋਂ ਸਾਬਕਾ ਵਿਧਾਇਕ ਮਹਿੰਦਰ ਰਿਣਵਾ ਅੱਜ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਬਾਦਲ ਨੇ ਕਾਂਗਰਸ ਵਿਧਾਇਕ ਰਹੇ ਰਿਣਵਾ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਸੁਖਬੀਰ ਨੇ ਕਿਹਾ ਕਿ ਰਿਣਵਾ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਉਨ੍ਹਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਰਿਣਵਾ ਜ਼ਮੀਨ ਨਾਲ ਜੁੜੇ ਆਗੂ ਹਨ ਅਤੇ ਅਜਿਹੇ ਆਗੂਆਂ ਦੀ ਪਾਰਟੀ ਨੂੰ ਬਹੁਤ ਲੋੜ ਹੈ। ਰਿਣਵਾ 2002 ਵਿਚ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣੇ ਸਨ। ਇਸ ਤੋਂ ਪਹਿਲਾਂ ਉਹ ਆਜ਼ਾਦ ਉਮੀਦਵਾਰ ਵਜੋਂ ਵੀ ਵਿਧਾਇਕ ਬਣੇ ਸਨ। ਇਲਾਕੇ ਵਿਚ ਉਨ੍ਹਾਂ ਦਾ ਕਾਫ਼ੀ ਰਸੂਖ ਹੈ।