ਸੁਨਾਮ : ਨੰਬਰਦਾਰਾਂ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਤੇ ਨਾਖੁਸ਼ੀ ਜ਼ਾਹਿਰ ਕੀਤੀ ਹੈ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਮਗਰਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਹੈ। ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸੁਨਾਮ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਛਾਜਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਸ਼ਾਮਿਲ ਪੰਜਾਬ ਦੇ ਜਨਰਲ ਸਕੱਤਰ ਰਣ ਸਿੰਘ ਮਹਿਲਾਂ ਨੇ ਕਿਹਾ ਕਿ ਬਹੁ ਗਿਣਤੀ ਨੰਬਰਦਾਰਾਂ ਨੇ ਸੂਬੇ ਅੰਦਰ ਹੋਈਆਂ ਆਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ ਲੇਕਿਨ ਸਰਕਾਰ ਬਣਨ ਤੋਂ ਬਾਅਦ ਮਗਰਲੀਆਂ ਸਰਕਾਰਾਂ ਵਾਂਗ ਨੰਬਰਦਾਰਾਂ ਨੂੰ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੀਆਂ ਮੰਗਾਂ ਨੂੰ ਸਰਕਾਰ ਨੇ ਮੁੱਢੋਂ ਅਣਗੌਲਿਆਂ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੰਬਰਦਾਰਾਂ ਨੂੰ ਬਦਲਾਅ ਕਿਧਰੇ ਨਜ਼ਰ ਨਹੀਂ ਆ ਰਿਹਾ ਸਗੋਂ ਲਾਰਿਆਂ ਨਾਲ ਡੰਗ ਟਪਾਈ ਕੀਤੀ ਜਾ ਰਹੀ ਹੈ। ਅਜੋਕੇ ਸਮੇਂ ਹਰ ਵਰਗ ਅੰਦਰ ਹਾਹਾਕਾਰ ਮੱਚ ਰਹੀ ਹੈ ਸੜਕਾਂ ਤੇ ਆ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਪੁਲਿਸ ਬੇਰੁਜ਼ਗਾਰਾਂ ਦੀਆਂ ਪੱਗਾਂ ਅਤੇ ਚੁੰਨੀਆਂ ਪੈਰਾਂ ਹੇਠ ਰੋਲ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਸੂਬੇ ਦੀ ਜਨਤਾ ਇਹੋ ਜਿਹਾ ਬਦਲਾਅ ਦੇਖਣਾ ਚਾਹੁੰਦੀ ਸੀ। ਬੁਲਾਰਿਆਂ ਨੇ ਸੁਨਾਮ ਦੇ ਐਸਡੀਐਮ ਦੇ ਨੰਬਰਦਾਰਾਂ ਪ੍ਰਤੀ ਰਵਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਉਕਤ ਅਧਿਕਾਰੀ ਦਾ ਵਤੀਰਾ ਨੰਬਰਦਾਰਾਂ ਪ੍ਰਤੀ ਅਜਿਹਾ ਹੀ ਰਿਹਾ ਤਾਂ ਜਥੇਬੰਦੀ ਉੱਚ ਅਧਿਕਾਰੀਆ ਤੱਕ ਪਹੁੰਚ ਕਰੇਗੀ। ਰਣ ਸਿੰਘ ਮਹਿਲਾ ਨੇ ਪੰਜਾਬ ਦੇ ਸਮੂਹ ਨੰਬਰਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਮੰਗਾਂ ਮਨਵਾਉਣ ਲਈ ਇੱਕਜੁੱਟ ਹੋਣ। ਇਸ ਮੌਕੇ ਜਗਰਾਜ ਸਿੰਘ ਭੈਣੀ, ਅਜੈਬ ਸਿੰਘ ਉਗਰਾਹਾਂ, ਜੱਗਾ ਸਿੰਘ ਜਖੇਪਲ, ਲਖਵਿੰਦਰ ਸਿੰਘ ਘਾਸੀਵਾਲਾ, ਸਤਿਗੁਰ ਸਿੰਘ ਛਾਜਲੀ, ਕੁਲਦੀਪ ਸਿੰਘ,ਭਗਵੰਤ ਸਿੰਘ ਦਿਆਲਗੜ੍ਹ ਜੇਜੀਆਂ, ਮੰਗਾ ਸਿੰਘ ਰਤਨਗੜ੍ਹ ਪਾਟਿਆਂਵਾਲੀ ,ਬਲਦੇਵ ਸਿੰਘ, ਕਰਨੈਲ ਸਿੰਘ, ਕੇਵਲ ਸਿੰਘ ਜਖੇਪਲ, ਕ੍ਰਿਸ਼ਨ ਸਿੰਘ ਬਹਾਲ ਸਿੰਘ ਛਾਹੜ, ਕਰਨੈਲ ਸਿੰਘ ਮੈਦੇਵਾਸ, ਗੁਰਮੇਲ ਸਿੰਘ ਮੌੜਾਂ ਹਾਜ਼ਰ ਸਨ।