ਮੁੱਖ ਸੜਕ ਤੇ ਧਰਨਾ ਰਾਹਗੀਰਾਂ ਲਈ ਬਣਿਆ ਪ੍ਰੇਸ਼ਾਨੀ
ਪ੍ਰਸ਼ਾਸਨ ਨਾਲ ਮੰਗਾਂ ਤੇ ਨਹੀਂ ਬਣੀ ਸਹਿਮਤੀ
ਸੁਨਾਮ : ਥਾਣਾ ਸ਼ਹਿਰੀ ਸੁਨਾਮ ਵਿੱਚ ਪੈਂਦੇ ਪਿੰਡ ਬਿਸ਼ਨਪੁਰਾ ਨੇੜੇ ਕੈਂਟਰ ਦੀ ਲਪੇਟ ਵਿੱਚ ਆਉਣ ਕਾਰਨ ਮਰੇ ਮਨਰੇਗਾ ਕਾਮਿਆਂ ਵਿੱਚੋਂ ਦੋ ਦਾ ਸਸਕਾਰ ਤੀਜੇ ਦਿਨ ਵੀ ਨਾ ਹੋ ਸਕਿਆ। ਮ੍ਰਿਤਕਾਂ ਦੇ ਵਾਰਿਸਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਲੈਕੇ ਪ੍ਰਸ਼ਾਸਨ ਅਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਵਿਚਾਲੇ ਗੱਲਬਾਤ ਨੇਪਰੇ ਨਹੀਂ ਚੜ੍ਹੀ। ਪੀੜਤਾਂ ਨੂੰ ਇਨਸਾਫ ਦਿਵਾਉਣ ਦੇ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਜਾਰੀ ਰਿਹਾ। ਦੱਸਣਯੋਗ ਹੈ ਕਿ ਮ੍ਰਿਤਕ ਮਨਰੇਗਾ ਵਰਕਰਾਂ ਜਰਨੈਲ ਸਿੰਘ ਅਤੇ ਹਰਪਾਲ ਸਿੰਘ ਦੀਆਂ ਦੇਹਾਂ ਸਿਵਲ ਹਸਪਤਾਲ ਸੁਨਾਮ ਦੀ ਮੌਰਚਰੀ ਵਿਚ ਰੱਖੀਆਂ ਗਈਆਂ ਹਨ। ਮੁੱਖ ਸੜਕ ਤੇ ਦਿੱਤੇ ਜਾ ਰਹੇ ਧਰਨੇ ਕਾਰਨ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਰਨੇ ਵਿੱਚ ਸ਼ਾਮਿਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਹਰਜੀਤ ਸਿੰਘ ਮਹਿਲਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਪੀੜਤ ਪਰਿਵਾਰਾਂ ਨੂੰ ਇਨਸਾਫ ਦੇਣ ਲਈ ਸੰਜੀਦਾ ਨਹੀਂ ਹੈ। ਮ੍ਰਿਤਕ ਮਨਰੇਗਾ ਕਾਮਿਆਂ ਦੇ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਗਠਿਤ ਐਕਸ਼ਨ ਕਮੇਟੀ ਦੇ ਆਗੂਆਂ ਪ੍ਰਗਟ ਸਿੰਘ ਕਾਲਾਝਾੜ,ਗੋਬਿੰਦ ਸਿੰਘ ਛਾਜਲੀ, ਹਰਭਗਵਾਨ ਸਿੰਘ ਮੂਨਕ, ਸੱਤਪਾਲ ਸਿੰਘ ਬਹਿਣੀਵਾਲ, ਹਰਪ੍ਰੀਤ ਕੌਰ ਧੂਰੀ, ਹਰਪਾਲ ਕੌਰ ਟਿੱਬੀ,ਵਰਿੰਦਰ ਕੌਸ਼ਿਕ , ਬਹਾਲ ਸਿੰਘ ਬੇਨੜਾ, ਕਸ਼ਮੀਰ ਸਿੰਘ ਗਦਾਈਆ ,ਕਰਨੈਲ ਸਿੰਘ ਨੀਲੋਵਾਲ ਅਤੇ ਹਰਜਸ ਸਿੰਘ ਖਡਿਆਲ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਮਜ਼ਦੂਰ ਲਗਾਤਾਰ ਤਿੰਨ ਦਿਨ ਤੋਂ ਸੁਨਾਮ ਪਟਿਆਲਾ ਮੁੱਖ ਸੜਕ ਉੱਪਰ ਧਰਨਾ ਲਗਾਕੇ ਬੈਠੇ ਹਨ ਪਰੰਤੂ ਸੂਬੇ ਦੀ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ। ਬੁੱਧਵਾਰ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਐਕਸ਼ਨ ਕਮੇਟੀ ਦੇ ਆਗੂਆਂ ਦਰਮਿਆਨ ਮੀਟਿੰਗ ਹੋਈ ਲੇਕਿਨ ਬੇਸਿੱਟਾ ਰਹੀ। ਪ੍ਰਸ਼ਾਸਨ ਐਕਸ਼ਨ ਕਮੇਟੀ ਦੀਆਂ ਮੰਗਾਂ ਤੇ ਸਹਿਮਤੀ ਨਹੀਂ ਦੇ ਰਿਹਾ। ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਸੂਬਾਈ ਸਥਾਨਕ ਆਗੂ ਮਜ਼ਦੂਰਾਂ ਦੇ ਧਰਨੇ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਜਿਹਾ ਵਰਤਾਰਾ ਵਾਜਿਬ ਨਹੀਂ ਹੈ। ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਮਜ਼ਦੂਰ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਤੱਕ ਧਰਨਾ ਜਾਰੀ ਰਹੇਗਾ। ਇਸ ਲੋਕ ਸੰਗਰਾਮ ਮੋਰਚਾ ਦੇ ਆਗੂ ਨਰਿੰਦਰ ਨਿੰਦੀ, ਬਲਜੀਤ ਕੌਰ ਸਤੌਜ , ਚਮਕੌਰ ਸਿੰਘ ਬਾਗੜੀਆਂ, ਸ਼ੇਰ ਸਿੰਘ ਫਰਵਾਹੀ ,ਸਿੰਘ ਖੋਖਰ, ਗੁਰਵਿੰਦਰ ਸਿੰਘ ਬੋੜਾ, ਮੇਜ਼ਰ ਸਿੰਘ ਉੱਪਲੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।