ਧਰਨਾਕਾਰੀਆਂ ਅਤੇ ਪਿੰਡ ਵਾਸੀਆਂ ਵਿਚਕਾਰ ਟਕਰਾਅ ਦੀ ਬਣੀ ਸਥਿਤੀ
ਸੁਨਾਮ : ਕੈਂਟਰ ਦੀ ਲਪੇਟ ਵਿੱਚ ਆਕੇ ਚਾਰ ਮਨਰੇਗਾ ਕਾਮਿਆਂ ਦੀ ਹੋਈ ਮੌਤ ਤੋਂ ਬਾਅਦ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈਕੇ ਪਿੰਡ ਬਿਸ਼ਨਪੁਰਾ ਵਿਖੇ ਲਾਏ ਧਰਨੇ ਨੂੰ ਚੌਥੇ ਦਿਨ ਮੋੜਾ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਤਬਦੀਲ ਕਰ ਦਿੱਤਾ ਗਿਆ ਹੈ। ਇਹ ਫੈਸਲਾ ਉਕਤ ਮਾਮਲੇ ਵਿੱਚ ਗਠਿਤ ਐਕਸ਼ਨ ਕਮੇਟੀ ਨੇ ਉਸ ਸਮੇਂ ਲਿਆ ਜਦੋਂ ਪਿੰਡ ਬਿਸ਼ਨਪੁਰਾ ਦੇ ਵਸਨੀਕਾਂ ਨੇ ਜਥੇਬੰਦੀਆਂ ਨੂੰ ਸੁਨਾਮ ਪਟਿਆਲਾ ਮੁੱਖ ਸੜਕ ਤੋਂ ਧਰਨਾ ਖ਼ਤਮ ਕਰਨ ਦੀ ਮੰਗ ਕੀਤੀ। ਜਦੋਂ ਸਵੇਰ ਸਮੇਂ ਪਿੰਡ ਦੇ ਲੋਕ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਧਰਨਾ ਸਮਾਪਤ ਕਰਨ ਲਈ ਕਹਿ ਰਹੇ ਸਨ ਤਾਂ ਪਿੰਡ ਦੇ ਲੋਕਾਂ ਅਤੇ ਜਥੇਬੰਦੀਆਂ ਦਰਮਿਆਨ ਤਲਖ਼ੀ ਪੈਦਾ ਹੋ ਗਈ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਕਥਿਤ ਤੌਰ ਤੇ ਭਰਾ ਮਾਰੂ ਜੰਗ ਵਰਗੇ ਹਾਲਾਤ ਪੈਦਾ ਕਰਕੇ ਟਕਰਾਅ ਕਰਵਾਉਣ ਦੇ ਰਾਹ ਤੁਰਿਆ ਜਿਸ ਕਾਰਨ ਐਕਸ਼ਨ ਕਮੇਟੀ ਨੇ ਧਰਨੇ ਨੂੰ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ। ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਅਤੇ ਬਿਸ਼ਨੁਪਾਰਾ ਪਿੰਡ ਦੇ ਲੋਕਾਂ ਵਿਚਾਲੇ ਟਕਰਾਅ ਦੀ ਸਥਿਤੀ ਬਣ ਗਈ। ਇੱਕ ਸਮੇਂ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਤਿੱਖੀ ਬਹਿਸ ਹੋਈ, ਬਾਅਦ ਵਿੱਚ ਮਾਮਲਾ ਸ਼ਾਂਤ ਹੋ ਗਿਆ। ਧਰਨਾਕਾਰੀਆਂ ਅਤੇ ਪ੍ਰਸ਼ਾਸਨ ਦਰਮਿਆਨ ਕੋਈ ਗੱਲ ਨੇਪਰੇ ਨਾ ਚੜ੍ਹਨ ਕਾਰਨ ਮ੍ਰਿਤਕ ਜਰਨੈਲ ਸਿੰਘ ਅਤੇ ਹਰਪਾਲ ਸਿੰਘ ਦਾ ਪੋਸਟਮਾਰਟਮ ਨਹੀਂ ਹੋ ਸਕਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਮਜ਼ਦੂਰ ਯੂਨੀਅਨ ਦੇ ਧਰਮਪਾਲ ਨਮੋਲ, ਪ੍ਰਗਟ ਕਾਲਾਝਾੜ, ਗੋਬਿੰਦ ਸਿੰਘ ਛਾਜਲੀ, ਲਖਵੀਰ ਸਿੰਘ ਲੌਂਗੋਵਾਲ, ਹਰਪ੍ਰੀਤ ਕੌਰ ਧੂਰੀ, ਕਾਮਰੇਡ ਵਰਿੰਦਰ ਕੌਸ਼ਿਕ, ਭੋਲਾ ਸਿੰਘ, ਸੁਖਪਾਲ ਸਿੰਘ ਮਾਣਕ ਨੇ ਵਿਚਾਰ ਪ੍ਰਗਟ ਕਰਦਿਆਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਅੰਦੋਲਨ ਜਾਰੀ ਰਹੇਗਾ।