ਮਾਲੇਰਕੋਟਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿ਼ਲ੍ਹਾ ਮਾਲੇਰਕੋਟਲਾ ਵੱਲੋਂ ਜਿ਼ਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ ਅਤੇ ਜਿ਼ਲ੍ਹਾ ਜਨਰਲ ਸਕੱਤਰ ਕੇਵਲ ਸਿੰਘ ਭੜੀ ਦੀ ਅਗਵਾਈ ਹੇਠ ਮਾਲੇਰਕੋਟਲਾ ਵਿਖੇ ਰੋਸ਼ ਮੁਜ਼ਾਹਰਾ ਕੀਤਾ ਗਿਆ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਜਰਨਲ ਸਕੱਤਰ ਕੇਵਲ ਸਿੰਘ ਭੜੀ ਨੇ ਦੱਸਿਆ ਕਿ ਪ੍ਰਸਿੱਧ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਵਿਰੁੱਧ ਰੋਸ਼ ਮੁਜ਼ਾਹਰਾ ਕੀਤਾ ਗਿਆ।ਪੰਜਾਬ ਦੇ ਮੁੱਖ ਮੰਤਰੀ ਦੇ ਕਥਿਤ ਹੁਕਮਾਂ ਅਨੁਸਾਰ ਬੀਤੇ ਦਿਨੀਂ ਸੀ ਆਈ ਏ ਸਟਾਫ ਮੋਹਾਲੀ ਵੱਲੋਂ ਪ੍ਰਸਿੱਧ ਟਿੱਪਣੀਕਾਰ ਅਤੇ ਸੇਵਾ ਮੁਕਤ ਅਧਿਆਪਕ ਮਾਲਵਿੰਦਰ ਸਿੰਘ ਮਾਲੀ ਨੂੰ ਉਸਦੇ ਵਿਚਾਰ ਪ੍ਰਗਟਾਵੇ ਦੇ ਆਧਾਰ `ਤੇ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਰਾਜ ਕਰ ਰਹੀ ਪਾਰਟੀ ਦੇ ਪੰਜਾਬ ਸਰਕਾਰ ਦੇ ਗਾਊ ਸੇਵਾ ਕਮਿਸ਼ਨ ਦੇ ਮੈਂਬਰ ਦੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ।ਕੀਤਾ ਜਾਂਦਾ ਹੈ ਜਿਸ ਦੇ ਵਿਰੋਧ ਵਿੱਚ ਮਾਲੇਰਕੋਟਲਾ ਦੀ ਦਾਣਾ ਮੰਡੀ ਵਿੱਚੋਂ ਇਕੱਠੇ ਹੋ ਕੇ ਬਜ਼ਾਰ ਵਿੱਚ ਦੀ ਹੁੰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ਼ ਮੁਜ਼ਾਹਰਾ ਕਰਕੇ ਮਾਲਵਿੰਦਰ ਸਿੰਘ ਮਾਲੀ ਵਿਰੁੱਧ ਕੇਸ ਰੱਦ ਕਰਕੇ ਤੁਰੰਤ ਰਿਹਾਅ ਕਰਨ ਸਬੰਧੀ ਮੰਗ ਪੱਤਰ ਸੋਪਿਆ ਗਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਜਥੇਬੰਦੀ ਦੀ ਵਿਚਾਰਧਾਰਾ/ਨੀਤੀ ਦੇ ਸ੍ਰੀ ਮਾਲੀ ਦੀਆਂ ਟਿੱਪਣੀਆਂ ਨਾਲ ਡੂੰਘੇ ਮੱਤਭੇਦ ਹਨ, ਪ੍ਰੰਤੂ ਕਿਸੇ ਵੀ ਵਿਅਕਤੀ ਵਿਰੁੱਧ ਉਸਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਜੇਲ੍ਹ ਡੱਕਣਾ ਜਮਹੂਰੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ, ਜਿਸਦਾ ਜਥੇਬੰਦੀ ਨੇ ਗੰਭੀਰ ਨੋਟਿਸ ਲਿਆ।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦਾ ਇਹੀ ਰਵੱਇਆ ਰਿਹਾ ਹਾਂ ਸੰਘਰਸ਼ ਹੋਰ ਤਿੱਖੇ ਕਰਨੇ ਪੈਣਗੇ। ਇਸ ਧਰਨੇ ਨੂੰ ਜਿ਼ਲ੍ਹਾ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਭੁਰਥਲਾ, ਜਿ਼ਲ੍ਹਾ ਪ੍ਰੈਸ ਸਕੱਤਰ ਨਿਰਮਲ ਸਿੰਘ ਅਲੀਪੁਰ, ਜਿ਼ਲ੍ਹਾ ਖਜਾਨਚੀ ਰਵਿੰਦਰ ਸਿੰਘ ਕਾਸਾਪੁਰ, ਜਿ਼ਲ੍ਹਾ ਆਗੂ ਰਜਿੰਦਰ ਸਿੰਘ ਭੋਗੀਵਾਲ, ਸਤਿਨਾਮ ਸਿੰਘ ਮਾਣਕ ਮਾਜਰਾ, ਦਰਸ਼ਨ ਸਿੰਘ ਹਥੋਆ, ਚਰਨਜੀਤ ਸਿੰਘ ਹਥਨ, ਜਗਤਾਰ ਸਿੰਘ ਸਰੌਦ, ਸੰਦੀਪ ਸਿੰਘ ਉਪੋਕੀ, ਜਗਰੂਪ ਸਿੰਘ ਖੁਰਦ, ਗੁਰਪ੍ਰੀਤ ਸਿੰਘ ਹਥਨ, ਮੇਜ਼ਰ ਸਿੰਘ ਹਥਨ,ਆਦਿ ਆਗੂਆਂ ਨੇ ਸੰਬੋਧਨ ਕੀਤਾ। ਅੱਜ ਦੇ ਰੋਸ਼ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਔਰਤਾਂ ਸ਼ਾਮਲ ਹੋਏ।