ਸੁਨਾਮ : ਸੋਮਵਾਰ ਨੂੰ ਪਿੰਡ ਬਿਸ਼ਨਪੁਰਾ ਨੇੜੇ ਸੁਨਾਮ ਪਟਿਆਲਾ ਮੁੱਖ ਸੜਕ 'ਤੇ ਹਾਦਸੇ 'ਚ ਮਾਰੇ ਗਏ ਚਾਰ ਮਨਰੇਗਾ ਮਜ਼ਦੂਰਾਂ ਲਈ ਇਨਸਾਫ਼ ਮੰਗ ਰਹੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਵੀਰਵਾਰ ਨੂੰ ਧਰਨੇ ਵਿੱਚ ਸ਼ਾਮਿਲ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਤੋਂ ਇਲਾਵਾ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਸਣੇ ਹਲਕੇ ਦੀ ਨੁੰਮਾਇੰਦਗੀ ਕਰਨ ਵਾਲਾ ਕੈਬਨਿਟ ਮੰਤਰੀ ਅਮਨ ਅਰੋੜਾ ਹਾਦਸੇ 'ਚ ਮਾਰੇ ਗਏ ਚਾਰ ਮਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਦੀ ਬਜਾਏ ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਿੱਚ ਮਸ਼ਰੂਫ ਹਨ। ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਸੂਬੇ ਦੀ ਸਰਕਾਰ ਸਮੇਂ ਸਿਰ ਕੁੰਭਕਰਨੀ ਨੀਂਦ ਤੋਂ ਜਾਗੇ ਨਹੀਂ ਤਾਂ ਸਿਆਸੀ ਨੁਕਸਾਨ ਜ਼ਿਆਦਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਭੁਲੇਖਾ ਦੂਰ ਕਰੇ, ਮਨਰੇਗਾ ਮਜ਼ਦੂਰਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ। ਮਨਰੇਗਾ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪੀੜਤ ਪਰਿਵਾਰਾਂ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀਆਂ ਦਿੱਤੀਆਂ ਜਾਣ। ਉਗਰਾਹਾਂ ਨੇ ਕਿਹਾ ਕਿ ਚਾਰ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਸਰਕਾਰ ਦੀ ਸੰਵੇਦਨਸ਼ੀਲਤਾ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਅਮਨ ਅਰੋੜਾ ਮੁੱਖ ਮੰਤਰੀ ਨਾਲ ਗੱਲ ਕਰਕੇ ਮਾਮਲੇ ਦਾ ਹੱਲ ਕਰਵਾਉਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਵੇਲੇ ਮਜ਼ਦੂਰ ਅਤੇ ਕਿਸਾਨ ਬਲਾਕ ਪੱਧਰ ’ਤੇ ਇਕੱਠੇ ਹੋ ਰਹੇ ਹਨ ਜੇਕਰ ਸੂਬਾ ਪੱਧਰ 'ਤੇ ਇਕੱਠ ਹੁੰਦਾ ਹੈ ਤਾਂ ਸੜਕਾਂ ਛੋਟੀਆਂ ਹੋ ਜਾਣਗੀਆਂ। ਇਸ ਮੌਕੇ ਕਾਮਰੇਡ ਵਰਿੰਦਰ ਕੌਸ਼ਿਕ, ਕਿਸਾਨ ਆਗੂ ਸੁਖਪਾਲ ਸਿੰਘ ਮਾਣਕ, ਮਜ਼ਦੂਰ ਜਥੇਬੰਦੀ ਦੇ ਆਗੂਆਂ ਧਰਮਪਾਲ ਨਮੋਲ, ਪ੍ਰਗਟ ਕਾਲਾਝਾੜ, ਗੋਬਿੰਦ ਸਿੰਘ ਛਾਜਲੀ, ਹਰਪ੍ਰੀਤ ਕੌਰ ਧੂਰੀ, ਭੋਲਾ ਸਿੰਘ ਸੰਗਰਾਮੀ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ।