ਨਿਹਾਲ ਸਿੰਘ ਵਾਲਾ : ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਜਨ ਸੁਣਵਾਈ ਕੈਂਪਾਂ ਰਾਹੀਂ ਹੱਲ ਕਰ ਰਿਹਾ ਹੈ। ਪਿੰਡਾਂ ਦਾ ਕਲੱਸਟਰ ਬਣਾ ਕੇ ਲਗਾਏ ਜਾ ਰਹੇ ਜਨ ਸੁਣਵਾਈ ਕੈਂਪਾਂ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਲੈਣ ਵਿੱਚ ਜਿੱਥੇ ਬਹੁਤ ਹੀ ਆਸਾਨੀ ਹੋਈ ਹੈ ਉੱਥੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਵੀ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਹੋ ਰਿਹਾ ਹੈ, ਕਿਉਂਕਿ ਲੋਕ ਖੁਦ ਉੱਚ ਪੱਧਰੀ ਅਧਿਕਾਰੀਆਂ ਨਾਲ ਆਪਣੀਆਂ ਮੁਸ਼ਕਿਲਾਂ ਇਹਨਾਂ ਕੈਂਪਾਂ ਜਰੀਏ ਸਾਂਝੀਆਂ ਕਰ ਰਹੇ ਹਨ। ਇਹਨਾਂ ਕੈਂਪਾਂ ਦੀ ਲੜੀ ਵਿੱਚ ਅੱਜ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਲੋਪੋ, ਬੱਧਨੀ ਕਲਾਂ, ਬੱਧਨੀ ਖੁਰਦ, ਰਾਉਕੇ ਕਲਾਂ, ਬੀਰ ਰਾਉਕੇ, ਬੌਡੇ, ਬੀੜ ਬੱਧਨੀ, ਮੀਨੀਆਂ, ਨੰਗਲ ਪਿੰਡਾਂ ਦੇ ਵਾਸੀਆਂ ਦੀਆਂ ਮੁਸਕਲਾਂ ਰਾਉਕੇ ਕਲਾਂ ਗੁਰਦੁਆਰਾ ਜੰਡ ਸਾਹਿਬ ਵਿਖੇ ਸੁਣੀਆਂ ਗਈਆਂ। ਜਿਕਰਯੋਗ ਹੈ ਕਿ ਹੁਣ 25 ਸਤੰਬਰ ਦਿਨ ਬੁੱਧਵਾਰ ਨੂੰ ਤਹਿਸੀਲ ਬਾਘਾਪੁਰਾਣਾ ਦੇ ਪਿੰਡ ਘੋਲੀਆ ਕਲਾਂ, ਗੁਲਾਬ ਸਿੰਘ ਵਾਲਾ, ਕਾਲੇਕੇ, ਨੱਥੋਕੇ ਪਿੰਡ ਵਾਸੀਆਂ ਦੀਆਂ ਮੁਸਕਲਾਂ ਘੋਲੀਆ ਕਲਾਂ ਕਲੱਬ ਘਰ ਫੂਲਾ ਸਿੰਘ ਪੱਤੀ ਵਿਖੇ ਸੁਣੀਆਂ ਜਾਣਗੀਆਂ। ਇਸ ਤੋਂ ਇਲਾਵਾ ਮਿਤੀ 27 ਸਤੰਬਰ ਦਿਨ ਸੁੱਕਰਵਾਰ ਨੂੰ ਤਹਿਸੀਲ ਧਰਮਕੋਟ ਦੇ ਪਿੰਡ ਲੁਹਾਰਾ, ਜਨੇਰ ਗਲੋਟੀ, ਦਾਤੇਵਾਲ, ਨਿਹਾਲਗੜ੍ਹ ਪਿੰਡ ਵਾਸੀਆਂ ਦੀਆਂ ਮੁਸਕਲਾਂ ਫੱਕਰ ਬਾਬਾ ਦਾਮੂੰਸਾਹ ਲੁਹਾਰਾ ਵਿਖੇ ਸੁਣੀਆਂ ਜਾਣਗੀਆਂ।