ਮਾਲੇਰਕੋਟਲਾ : ਅੱਜ ਇੱਥੇ ਪੀ.ਐਸ.ਈ.ਬੀ. ਇਪਲਾਈਜ਼ ਫ਼ੈਡਰੇਸ਼ਨ ਏਟਕ ਸਰਕਲ ਬਰਨਾਲਾ ਦੀ ਵਰਕਿੰਗ ਕਮੇਟੀ ਮੀਟਿੰਗ ਸਾਥੀ ਗੁਰਧਿਆਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜੱਥੇਬੰਦਕ ਮਸਲਿਆ ’ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਸਮੂਹ ਜੰਥੇਬੰਦੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਲੜੇ ਗਏ ਸੰਘਰਸ਼ ’ਤੇ ਤਸੱਲੀ ਪ੍ਰਗਟ ਕੀਤੀ ਗਈ ਅਤੇ ਆਉਣ ਵਾਲੇ ਸੰਘਰਸ਼ਾਂ ਵਾਸਤੇ ਤਿਆਰ ਰਹਿਣ ਦਾ ਪ੍ਰਣ ਲਿਆ ਗਿਆ। ਸਾਥੀਆਂ ਨੇ ਮੰਗ ਕੀਤੀ ਕਿ ਆਰ.ਟੀ.ਐਮ. ਨੂੰ ਪੇ ਬੈਂਡ ਦਿੱਤਾ ਜਾਵੇ, 23 ਸਾਲਾ ਸਕੇਲ ਬਿਨਾਂ ਸ਼ਰਤ ਹਰ ਕਰਮਚਾਰੀ ਨੂੰ ਦਿੱਤਾ ਜਾਵੇ, ਸਿਰਫ਼ ਤੀਜੀ ਤਰੱਕੀ ਸਮੇਂ ਹੀ ਐਡਜਸਟ ਕੀਤਾ ਜਾਵੇ, ਪੇ-ਸਕੇਲਾਂ ਵਿੱਚ ਪੈਂਦਾ ਘਾਟਾ ਦੂਰ ਕੀਤਾ ਜਾਵੇ ਅਤੇ ਨਵੀਂ ਭਰਤੀ ਜਲਦੀ ਕੀਤੀ ਜਾਵੇ ਤਾਂ ਕਿ ਬੇਰੋਜ਼ਗਾਰੀ ਨੂੰ ਠੱਲ੍ਹ ਪਾਈ ਜਾ ਸਕੇ ਅਤੇ ਰਿਟਾਇਰੀ ਅਤੇ ਕਰਮਚਾਰੀ ਜੋ ਵੀ ਮਹਿਕਮੇ ਵਿੱਚ ਮੌਜੂਦਾ ਸੇਵਾ ਕਰ ਰਹੇ ਹਨ, ਨੂੰ ਕੈਸ਼ ਲੈੱਸ ਦੀ ਸੁਵਿਧਾ ਦਿੱਤੀ ਜਾਵੇ। ਸਾਥੀਆਂ ਨੇ ਵਿਸ਼ਵਾਸ ਦਿੱਤਾ ਕਿ ਜੰਥੇਬੰਦੀ ਮੁਲਾਜ਼ਮ ਮਸਲਿਆਂ ਨੂੰ ਲੈ ਕੇ ਜੋ ਵੀ ਸੰਘਰਸ਼ ਉਲੀਕੇਗੀ ਸਰਕਲ ਬਰਨਾਲਾ ਦੇ ਸਾਥੀ ਉਸ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨਗੇ।