ਸੁਨਾਮ : ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ਸ਼ੀਲ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਪੈਨਸ਼ਨਰ ਯੂਨੀਅਨ ਨੇ ਸਾਬਕਾ ਵਿਦਿਆਰਥੀ ਆਗੂ ਅਤੇ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਨੂੰ ਸਰਕਾਰ ਦੀ ਤਾਨਾਸ਼ਾਹੀ ਕ਼ਰਾਰ ਦਿੱਤਾ ਹੈ। ਸੇਵਾ ਮੁਕਤ ਕਰਮਚਾਰੀਆਂ ਨੇ ਮਾਲੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਸਰਕਲ ਸੰਗਰੂਰ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹਰਮੇਲ ਸਿੰਘ ਮਹਿਰੋਕ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਿਖੇਧੀ ਮਤਾ ਪਾਸ ਕਰਕੇ ਮਾਲਵਿੰਦਰ ਸਿੰਘ ਮਾਲੀ ਦੀ ਨਜਾਇਜ਼ ਹਿਰਾਸਤ ਦੀ ਨਿਖੇਧੀ ਕਰਦਿਆਂ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਬੌਖਲਾਹਟ ਦੱਸਿਆ। ਪੈਨਸ਼ਨ ਯੂਨੀਅਨ ਦੇ ਆਗੂਆਂ ਜਗਦੇਵ ਸਿੰਘ ਬਾਹੀਆ, ਸੁਰਿੰਦਰ ਸਿੰਘ ਸੁਨਾਮ, ਅਮਰੀਕ ਸਿੰਘ ਉਗਰਾਹਾਂ, ਗਮਦੂਰ ਸਿੰਘ ਜਵੰਧਾ, ਗੁਰਮੇਲ ਸਿੰਘ ਲਹਿਰਾ, ਮਨਜੀਤ ਕੁਮਾਰ, ਜਗਜੀਤ ਸਿੰਘ, ਬਲਬੀਰ ਸਿੰਘ ਅਤੇ ਅਮਰੀਕ ਸਿੰਘ ਚੀਮਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਵਰਗੇ ਬੁੱਧੀਜੀਵੀਆਂ ਦੁਆਰਾ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਨਾਅਹਿਲੀਅਤ ਦੀ ਕੀਤੀ ਰਹੀ ਨੁਕਤਾ ਚੀਨੀ ਸਹਿਣ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਸਰਕਾਰ ਨੇ ਝੂਠਾ ਕੇਸ ਦਰਜ਼ ਕਰਕੇ ਮਾਲੀ ਦੀ ਅਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਕਤ ਆਗੂਆਂ ਨੇ ਕਿਹਾ ਕਿ ਸਟੇਟ ਕਮੇਟੀ ਵੱਲੋਂ ਸੂਬੇ ਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਦਿੱਤੇ ਸ਼ੰਘਰਸ਼ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਲਾਗੂ ਕੀਤਾ ਜਾਵੇਗਾ, 2 ਅਕਤੂਬਰ ਨੂੰ ਅੰਬਾਲਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਝੂਠੇ ਪ੍ਰਚਾਰ ਦਾ ਭਾਂਡਾ ਚੌਰਾਹੇ ਵਿੱਚ ਭੰਨਿਆ ਜਾਵੇਗਾ