ਸੁਨਾਮ : ਸੁਨਾਮ ਬਲਾਕ ਦੇ ਪਿੰਡ ਕਣਕਵਾਲ ਭੰਗੂਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਿਰੋਧ ਕਾਰਨ ਆਰਥਿਕਤਾ ਦੇ ਝੰਬੇ ਕਿਸਾਨ ਦੇ ਘਰ ਦੀ ਕੁਰਕੀ ਕਰਨ ਕੋਈ ਅਧਿਕਾਰੀ ਨਾ ਪੁੱਜਾ। ਮਕਾਨ ਦੀ ਕੁਰਕੀ ਦਾ ਅਦਾਲਤ ਤੋਂ ਵਾਰੰਟ ਕਬਜ਼ਾ ਲਿਆ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੁਨਾਮ ਬਲਾਕ ਦੇ ਆਗੂਆਂ ਸੁਖਪਾਲ ਸਿੰਘ ਮਾਣਕ ਅਤੇ ਪਾਲ ਸਿੰਘ ਦੌਲਾ ਸਿੰਘ ਵਾਲਾ ਨੇ ਕਿਹਾ ਕਿ ਬਲਾਕ ਦੇ ਪਿੰਡ ਕਣਕਵਾਲ ਭੰਗੂਆਂ ਵਿਖੇ ਇੱਕ ਗਰੀਬ ਕਿਸਾਨ ਦੇ ਘਰ ਦਾ ਵਾਰੰਟ ਕਬਜ਼ਾ ਲੈਣ ਤੋਂ ਬਾਅਦ ਸਬੰਧਿਤ ਧਿਰ ਨੇ ਕਬਜ਼ਾ ਲੈਣ ਲਈ ਆਉਣਾ ਸੀ ਲੇਕਿਨ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਦੇ ਵਿਰੋਧ ਕਾਰਨ ਕੋਈ ਵੀ ਅਧਿਕਾਰੀ ਮਕਾਨ ਦਾ ਕਬਜ਼ਾ ਲੈਣ ਨਹੀਂ ਆਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਕਿਸਾਨ ਦੇ ਜ਼ਮੀਨ ਅਤੇ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡ ਕਣਕਵਾਲ ਭੰਗੂਆਂ ਵਿਖੇ ਕਮਲਜੀਤ ਕੌਰ ਪਤਨੀ ਸ਼ਿੰਦਰ ਸਿੰਘ ਨੇ ਲੁਧਿਆਣਾ ਦੀ ਇੱਕ ਬੈਂਕ ਤੋਂ ਘਰ ਤੇ ਕਰਜ਼ਾ ਲਿਆ ਸੀ ਪਰੰਤੂ ਘਰ ਦੀਆਂ ਮਜ਼ਬੂਰੀਆਂ ਕਰਕੇ ਕਰਜ਼ਾ ਨਹੀਂ ਮੋੜਿਆ ਗਿਆ। ਸਬੰਧਿਤ ਧਿਰ ਨੇ ਕਬਜ਼ਾ ਲੈਣ ਲਈ ਅਦਾਲਤ ਤੋਂ ਵਾਰੰਟ ਕਬਜ਼ਾ ਹਾਸਿਲ ਕੀਤਾ ਸੀ। ਉਨ੍ਹਾਂ ਕਿਹਾ ਕਿ ਘਰ ਵਿੱਚ ਸਿਰਫ ਦੋ ਹੀ ਔਰਤਾਂ ਹਨ, ਕਰਜ਼ਾ ਨਾ ਮੋੜ ਸਕਣ ਤੋਂ ਪ੍ਰੇਸ਼ਾਨ ਹੋਕੇ ਪਰਿਵਾਰ ਘਰ ਛੱਡ ਕੇ ਕਿਤੇ ਹੋਰ ਚਲਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਗ ਕੀਤੀ ਹੈ ਕਿ ਘਰ ਛੱਡ ਕੇ ਗਏ ਪਰਿਵਾਰ ਨੂੰ ਦੁਬਾਰਾ ਘਰ ਵਿੱਚ ਵਾਪਸ ਲਿਆਂਦਾ ਜਾਵੇ। ਇਸ ਮੌਕੇ ਅਜੀਤ ਸਿੰਘ ਗੰਢੂਆਂ ਤੋਂ ਇਲਾਵਾ ਹੋਰਨਾਂ ਕਿਸਾਨਾਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ।