ਬੂਟੇ ਲਾਉਣ ਦਾ ਦਿੱਤਾ ਸੁਨੇਹਾ
ਵਿਰਾਸਤੀ ਜੰਗਲ ਵਿੱਚ ਲਾਏ ਜਾਣਗੇ 8500 ਬੂਟੇ
ਫ਼ਤਹਿਗੜ੍ਹ ਸਾਹਿਬ : ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਤੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਐੱਚ.ਡੀ. ਐੱਫ.ਸੀ. ਬੈਂਕ ਦੇ ਸਹਿਯੋਗ ਨਾਲ ਪਿੰਡ ਧੀਰਪੁਰ ਵਿਖੇ "ਫ਼ਤਿਹ ਬੁਲਾਓ, ਰੁੱਖ ਲਗਾਓ" ਦੇ ਸਲੋਗਨ ਹੇਠ 8500 ਬੂਟਿਆਂ ਵਾਲਾ ਵਿਰਾਸਤੀ ਜੰਗਲ ਬੂਟੇ ਲਗਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਰੱਖੇ ਸਾਦੇ ਸਮਾਗਮ ਦੌਰਾਨ ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਜਿਹੜੇ ਵਿਰਾਸਤੀ ਬੂਟੇ ਭਾਵ ਸਥਾਨਕ ਬੂਟੇ ਹਨ, ਉਹ ਹੀ ਇਸ ਜੰਗਲ ਵਿੱਚ ਲਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਕਿੱਕਰ ਲਾਉਣ ਦੀ ਵੀ ਬਹੁਤ ਲੋੜ ਹੈ, ਅੱਜ ਦੇ ਦੌਰ ਵਿੱਚ ਅਸੀਂ ਦਾਤਣ ਛੱਡ ਦਿੱਤੀ ਹੈ। ਕਿੱਕਰ ਜਿੱਥੇ ਸਥਾਨਕ ਰੁੱਖ ਹੈ, ਉੱਥੇ ਉਸਦੀ ਦਾਤਣ ਵੀ ਬਹੁਤ ਗੁਣਕਾਰੀ ਹੈ। ਸਾਨੂੰ ਵੱਧ ਤੋਂ ਵੱਧ ਸਥਾਨਕ ਬੂਟੇ ਹੀ ਲਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੌਮਾਂ ਓਹੀ ਜਿਊਂਦੀਆਂ ਰਹਿੰਦੀਆਂ ਹਨ, ਜਿਹੜੀਆਂ ਆਪਣੀ ਵਿਰਾਸਤ ਨਾਲ ਜੁੜ ਕੇ ਚਲਦੀਆਂ ਹਨ। ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਕੁਦਰਤ ਨਾਲ ਜੋੜਿਆ ਹੈ ਤੇ ਕੁਦਰਤ ਦੀ ਅਹਿਮੀਅਤ ਸਮਝਾਈ ਹੈ। ਅੱਜ ਵਾਤਾਵਰਨ ਬਚਾਉਣ ਦੀ ਬਹੁਤ ਲੋੜ ਹੈ। ਉਹਨਾਂ ਨੇ ਪ੍ਰੋਜੈਕਟ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਇਸ ਥਾਂ ਉੱਤੇ ਇੱਕ ਕੱਚਾ ਘਰ ਬਣਾਇਆ ਜਾਵੇ, ਜਿੱਥੇ ਆ ਕੇ ਲੋਕ ਆਪਣੀ ਵਿਰਾਸਤ ਨਾਲ ਜੁੜ ਸਕਣ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਚੰਗੀ ਜ਼ਿੰਦਗੀ ਲਈ ਵਾਤਾਵਰਨ ਦੀ ਸੰਭਾਲ ਲਾਜ਼ਮੀ ਹੈ, ਜਿਸ ਲਈ ਵੱਧ ਤੋਂ ਵੱਧ ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਸਾਫ਼ ਰਹਿ ਸਕੇ ਤੇ ਬਿਮਾਰੀਆਂ ਤੋਂ ਵੀ ਬਚਾਅ ਹੋ ਸਕੇ। ਉਹਨਾਂ ਕਿਹਾ ਕਿ ਹਰ ਮਨੁੱਖ ਘੱਟੋ ਘਟ 05 ਬੂਟੇ ਤਾਂ ਲਾਜ਼ਮੀ ਹੀ ਲਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਜਦੋਂ ਸਾਰੀ ਦੁਨੀਆਂ ਵਾਤਾਵਰਨ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੀ ਹੈ ਤਾਂ ਵਾਤਾਵਰਨ ਸੰਭਾਲ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਜੇ ਵਾਤਾਵਰਨ ਸਾਫ਼ ਹੋਵੇਗਾ ਤਾਂ ਅਸੀਂ ਸਾਫ਼ ਹਵਾ ਵਿੱਚ ਸਾਹ ਲੈ ਸਕਾਂਗੇ ਤੇ ਬਿਮਾਰੀਆਂ ਤੋਂ ਬਚੇ ਰਹਾਂਗੇ। ਇਸ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਫ਼ ਸੁਥਰਾ ਵਾਤਾਵਰਨ ਮਿਲ ਸਕੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਹੁਣ ਤਕ ਜਿਸ ਰਫ਼ਤਾਰ ਨਾਲ ਦਰੱਖਤ ਵੱਢੇ ਗਏ ਹਨ, ਉਸ ਹਿਸਾਬ ਨਾਲ ਆਉਣ ਵਾਲੀਆਂ ਨਸਲਾਂ ਨੂੰ ਸਾਹ ਲੈਣ ਯੋਗ ਆਕਸੀਜ਼ਨ ਵੀ ਨਹੀਂ ਮਿਲਣੀ।ਇਸ ਲਈ ਦਰੱਖਤ ਵੱਢਣ ਦੀ ਮਾੜੀ ਪਿਰਤ ਛੱਡ ਕੇ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਨੇ ਕਿਹਾ ਕਿ ਬੂਟੇ ਲਾਉਣ ਵੇਲੇ ਤਰਜੀਹ ਸਥਾਨਕ ਬੂਟੇ ਲਾਉਣ ਨੂੰ ਹੀ ਦਿੱਤੀ ਜਾਵੇ। ਇਸ ਦੌਰਾਨ ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ ਤੇ ਵਧੀਕ ਡਿਪਟੀ ਕਮਿਸ਼ਨਰ ਅਤੇ ਬੀ.ਡੀ. ਪੀ.ਓ. ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬੀ.ਡੀ.ਪੀ.ਓ. ਖੇੜਾ ਸ.ਚੰਦ ਸਿੰਘ, ਐੱਚ ਡੀ ਐੱਫ ਸੀ ਬੈਂਕ ਦੇ ਸੀਨੀਅਰ ਅਧਿਕਾਰੀ ਸ. ਰਾਜਪਾਲ ਸਿੰਘ, ਸੀਨੀਅਰ ਆਗੂ ਅਮਰਿੰਦਰ ਸਿੰਘ ਮੰਡੋਫਲ ਸਮੇਤ ਪਤਵੰਤੇ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।