ਸੁਨਾਮ : ਸੁਨਾਮ ਬਲਾਕ ਦੇ ਪਿੰਡ ਬਿਗੜਵਾਲ ਵਿਖੇ ਸਰਪੰਚੀ ਅਨੁਸੂਚਿਤ ਜਾਤੀ ਲਈ ਰਾਖਵੀਂ ਕਰ ਦਿੱਤੇ ਜਾਣ ਤੋਂ ਖ਼ਫ਼ਾ ਪਿੰਡ ਦੇ ਲੋਕਾਂ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਧਰਨਾ ਦੇਕੇ ਫੈਸਲਾ ਬਦਲਣ ਦੀ ਮੰਗ ਕੀਤੀ ਹੈ। ਧਰਨੇ ਵਿੱਚ ਬੀਬੀਆਂ ਨੇ ਵੀ ਵੱਡੀ ਗਿਣਤੀ ਸ਼ਮੂਲੀਅਤ ਕੀਤੀ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਤਿੰਨ ਦਿਨ ਪਹਿਲਾਂ ਪਿੰਡ ਦੇ ਪਤਵੰਤਿਆਂ ਨੇ ਪਿੰਡ ਅੰਦਰ ਸਾਂਝਾ ਇਕੱਠ ਕਰਕੇ ਜਨਰਲ ਵਰਗ ਦੇ ਵਿਅਕਤੀ ਰਮਨਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਪੰਚਾਂ ਤੇ ਵੀ ਸਹਿਮਤੀ ਬਣ ਗਈ ਸੀ ਲੇਕਿਨ ਰਾਖਵੇਂਕਰਨ ਦੀ ਸੂਚੀ ਵਿੱਚ ਬਿਗੜਵਾਲ ਪਿੰਡ ਦੀ ਸਰਪੰਚੀ ਨੂੰ ਅਨੁਸੂਚਿਤ ਜਾਤੀ ਲਈ ਰਾਖਵੀਂ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਸੁਨਾਮ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤੇ ਧਰਨੇ ਮੌਕੇ ਗੱਲਬਾਤ ਕਰਦਿਆਂ ਰਮਨਪ੍ਰੀਤ ਸਿੰਘ, ਬਲਕਾਰ ਸਿੰਘ, ਗੁਰਮੀਤ ਸਿੰਘ, ਗੁਰਚਰਨ ਸਿੰਘ ਅਤੇ ਗੋਬਿੰਦ ਸਿੰਘ ਨੰਬਰਦਾਰ ਨੇ ਕਿਹਾ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਚਾਇਤਾਂ ਸਰਬਸੰਮਤੀ ਨਾਲ ਚੁਨਣ ਦੀ ਦੁਹਾਈ ਦੇ ਰਹੀ ਹੈ ਦੂਜੇ ਪਾਸੇ ਸਰਬਸੰਮਤੀ ਹੋ ਜਾਣਦੇ ਫੈਸਲਿਆਂ ਨੂੰ ਉਲੰਘ ਕੇ ਰਾਖਵੇਂਕਰਨ ਦਾ ਮੁੱਦਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 23 ਸਤੰਬਰ ਨੂੰ ਪਿੰਡ ਬਿਗੜਵਾਲ ਵਿਖੇ ਸਰਬਸੰਮਤੀ ਨਾਲ ਪੰਚਾਇਤ ਬਣਾਉਣ ਲਈ ਪਤਵੰਤਿਆਂ ਦਾ ਇਕੱਠ ਪਿੰਡ ਬਿਗੜਵਾਲ ਵਿਖੇ ਸਾਂਝੇ ਤੌਰ ਤੇ ਕੀਤਾ ਗਿਆ ਅਤੇ ਸਰਪੰਚੀ ਲਈ ਜਨਰਲ ਵਰਗ ਦੇ ਰਮਨਪ੍ਰੀਤ ਸਿੰਘ ਦੇ ਨਾਮ ਤੇ ਸਹਿਮਤੀ ਬਣ ਗਈ ਅਤੇ ਪੰਚ ਵੀ ਸਹਿਮਤੀ ਨਾਲ ਬਣਾਉਣ ਦਾ ਫੈਸਲਾ ਹੋ ਗਿਆ ਲੇਕਿਨ ਪੰਚਾਇਤ ਚੋਣਾਂ ਦਾ ਐਲਾਨ ਹੁੰਦਿਆਂ ਬਿਗੜਵਾਲ ਪਿੰਡ ਦੀ ਸਰਪੰਚੀ ਅਨੁਸੂਚਿਤ ਜਾਤੀ ਲਈ ਰਾਖਵੀਂ ਕਰ ਦਿੱਤੀ ਗਈ ਹੈ ਇਸ ਫੈਸਲੇ ਤੋਂ ਪਿੰਡ ਲੋਕਾਂ ਅੰਦਰ ਸਰਕਾਰ ਪ੍ਰਤੀ ਨਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਸਰਪੰਚ ਪਾਰਟੀ ਦਾ ਨਹੀਂ, ਪਿੰਡ ਦਾ ਚੁਨਣ ਲਈ ਆਖ ਰਹੇ ਹਨ ਲੇਕਿਨ ਸਰਬਸੰਮਤੀ ਨਾਲ ਹੋਏ ਫੈਸਲਿਆਂ ਦੇ ਉਲ਼ਟ ਪੰਚਾਇਤਾਂ ਨੂੰ ਅਨੁਸੂਚਿਤ ਜਾਤੀ ਲਈ ਰਾਖਵਾਂ ਕਰਕੇ ਲੋਕਾਂ ਨੂੰ ਨਿਰਾਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਬਿਗੜਵਾਲ ਪਿੰਡ ਦੀ ਸਰਪੰਚੀ ਨੂੰ ਜਨਰਲ ਵਰਗ ਲਈ ਕਰਕੇ ਸਰਬਸੰਮਤੀ ਨਾਲ ਹੋਏ ਫੈਸਲੇ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਕਰੇ। ਇਸੇ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਧਰਨਾਕਾਰੀਆਂ ਦੇ ਨੁਮਾਇੰਦਿਆਂ ਨੂੰ ਚੰਡੀਗੜ੍ਹ ਸੱਦਿਆ ਗਿਆ ਹੈ ਇਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।