ਸੁਨਾਮ : ਰੁਜ਼ਗਾਰ ਸੁਰੱਖਿਅਤ ਕਰਨ ਦਾ ਵਾਅਦਾ ਚੇਤੇ ਕਰਾਉਂਦਿਆਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼ ਸੁਨਾਮ ਦੇ ਗੈਸਟ ਫੈਕਲਟੀ, ਪਾਰਟ ਟਾਈਮ ਅਤੇ ਠੇਕਾ ਅਧਾਰਿਤ ਸਹਾਇਕ ਪ੍ਰੋਫੈਸਰਾਂ ਨੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਸ਼ਾਮਿਲ ਮੈਂਬਰਾਂ ਨੇ ਕਿਹਾ ਕਿ ਮਗਰਲੀ ਸਰਕਾਰ ਦੇ ਰਾਜ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਅਤੇ ਮੌਜੂਦਾ ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਸਾਡੇ ਧਰਨਿਆਂ ਵਿੱਚ ਸ਼ਿਰਕਤ ਕਰਕੇ ਸਰਕਾਰ ਬਣਨ ਉਪਰੰਤ ਮਸਲੇ ਹੱਲ ਕਰਨ ਦਾ ਭਰੋਸਾ ਦਿੰਦੇ ਰਹੇ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੰਗ ਪੱਤਰ ਦੇਣ ਪੁੱਜੇ ਗੈਸਟ ਫੈਕਲਟੀ, ਪਾਰਟ ਟਾਈਮ ਅਤੇ ਠੇਕਾ ਅਧਾਰਿਤ ਸਹਾਇਕ ਪ੍ਰੋਫੈਸਰਾਂ ਡਾ. ਕੁਲਦੀਪ ਸਿੰਘ ਬਾਹੀਆ, ਡਾ.ਮੀਨਾਕਸ਼ੀ , ਡਾ. ਮਨਪ੍ਰੀਤ ਕੌਰ ਹਾਂਡਾ. ਡਾ. ਰਮਨਦੀਪ ਕੌਰ, ਪ੍ਰੋ. ਮੁਖਤਿਆਰ ਸਿੰਘ, ਪ੍ਰੋ ਅਸ਼ਵਨੀ ਗੋਇਲ, ਪ੍ਰੋ. ਸਿਮਰਨ ਕੌਰ ਅਤੇ ਪ੍ਰੋ. ਸੰਦੀਪ ਸਿੰਘ ਨੇ ਕਿਹਾ ਕਿ 1158 ਅਸਿਸਟੈਂਟ ਪ੍ਰੋਫ਼ੈਸਰਾਂ ਦੀ ਭਰਤੀ ਮਗਰਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਜਲਦਬਾਜ਼ੀ ਵਿੱਚ ਕੀਤੀ ਗਈ ਸੀ ਜਿਸ ਵਿੱਚ ਬਹੁਤ ਸਾਰੀਆਂ ਊਣਤਾਈਆਂ ਸਨ। ਉਨ੍ਹਾਂ ਕਿਹਾ ਕਿ ਉਸ ਵਕਤ ਯੂਨੀਅਨ ਦੇ ਮੈਂਬਰ ਅਮਨ ਅਰੋੜਾ, ਮੀਤ ਹੇਅਰ, ਹਰਪਾਲ ਸਿੰਘ ਚੀਮਾਂ, ਵਿਧਾਇਕ ਨਰਿੰਦਰ ਕੌਰ ਭਰਾਜ, ਹਰਜੋਤ ਸਿੰਘ ਬੈਂਸ, ਕੁਲਤਾਰ ਸਿੰਘ ਸੰਧਵਾਂ 1158 ਸਹਾਇਕ ਪ੍ਰੋਫੈਸਰਾਂ ਦੀ ਗੈਰ ਕਾਨੂੰਨੀ ਕੀਤੀ ਜਾ ਰਹੀ ਭਰਤੀ ਖ਼ਿਲਾਫ਼ ਵਿੱਢੇ ਸੰਘਰਸ਼ ਵਿੱਚ ਆਕੇ ਭਰੋਸਾ ਦਿਵਾਉਂਦੇ ਰਹੇ ਕਿ ਸਾਡੀ ਸਰਕਾਰ ਆਉਣ ਤੇ ਇਸ ਭਰਤੀ ਨੂੰ ਰੱਦ ਕਰਕੇ ਸਰਕਾਰੀ ਕਾਲਜ਼ਾਂ ਵਿੱਚ ਪਹਿਲਾਂ ਤੋਂ ਸੇਵਾਵਾਂ ਨਿਭਾਅ ਰਹੇ ਸਾਰੇ ਕੱਚੇ ਸਹਾਇਕ ਪ੍ਰੋਫੈਸਰਾਂ ਨੂੰ ਪੱਕੇ ਕਰਾਂਗੇ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਸੀ ਕੀ ਕੱਚਾ ਸ਼ਬਦ ਮੈਂ ਖਤਮ ਕਰ ਦੇਣਾ ਹੈ ਕੋਈ ਵੀ ਮੁਲਾਜ਼ਮ ਪੰਜਾਬ ਵਿੱਚ ਕੱਚਾ ਨਹੀਂ ਹੋਵੇਗਾ ਪਰ ਹੁਣ ਸਰਕਾਰ ਨੇ ਉਸ ਕਥਿਤ ਜਾਅਲੀ ਭਾਰਤੀ ਦੀ ਹਮਾਇਤ ਕਰਕੇ ਮਾਣਯੋਗ ਅਦਾਲਤ ਦੇ ਆਏ ਫੈਸਲੇ ਨੂੰ ਉਨ੍ਹਾਂ ਨੂੰ ਰਾਤ ਸਮੇਂ ਸਟੇਸ਼ਨ ਅਲਾਟ ਕਰਕੇ ਪਹਿਲਾਂ ਤੋਂ ਸੇਵਾਵਾਂ ਨਿਭਾਅ ਰਹੇ ਪ੍ਰੋਫ਼ੇਸਰਾਂ ਦੇ ਭਵਿੱਖ ਉੱਤੇ ਤਲਵਾਰ ਲਟਕਾ ਦਿੱਤੀ ਹੈ। ਉਨ੍ਹਾਂ ਦਿੱਤੇ ਮੰਗ ਪੱਤਰ ਵਿੱਚ ਕਿਹਾ ਗਿਆ ਇਹ ਉਹ ਪ੍ਰੋਫ਼ੈਸਰ ਹਨ ਜਿਨ੍ਹਾਂ ਨੇ ਆਪਣੇ ਜੀਵਨ ਦਾ ਕੀਮਤੀ ਸਮਾਂ ਅਤੇ ਘੱਟ ਤਨਖਾਹਾਂ ਲੈਕੇ ਸਰਕਾਰੀ ਕਾਲਜ਼ਾਂ ਦੀ ਹੋਂਦ ਨੂੰ ਬਚਾਇਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸਰਕਾਰ ਸਹਾਇਕ ਪ੍ਰੋਫੈਸਰਾਂ ਦੇ ਰੁਜ਼ਗਾਰ ਨੂੰ ਸੁਰੱਖਿਅਤ ਰੱਖਣ ਲਈ ਧਿਆਨ ਕੇਂਦਰਿਤ ਕਰਨ ਨੂੰ ਯਕੀਨੀ ਬਣਾਵੇ।