ਸੁਨਾਮ : ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਪੱਧਰੀ ਸੱਦੇ ਤਹਿਤ ਸੋਮਵਾਰ ਨੂੰ ਸੁਨਾਮ ਵਿਖੇ ਜ਼ਿਲ੍ਹਾ ਕਮੇਟੀ ਵੱਲੋਂ ਸ਼ਾਂਤੀ ਨਿਕੇਤਨ ਧਰਮਸ਼ਾਲਾ ਦੇ ਹਾਲ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ "ਰਾਜ ਬਦਲੋ, ਸਮਾਜ ਬਦਲੋ" ਦੇ ਨਾਅਰੇ ਹੇਠ ਭਰਵੀਂ ਕਾਨਫਰੰਸ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਮਨਜੀਤ ਕੌਰ ਆਲੋਅਰਖ, ਰਾਣੋ ਹਥਨ, ਗੁਰਤੇਜ ਕੌਰ ਭਾਈ ਕੀ ਪਿਸ਼ੌਰ, ਧਰਮਪਾਲ ਸਿੰਘ ਸੁਨਾਮ ਅਤੇ ਨਾਥ ਸਿੰਘ ਛਾਜਲੀ ਨੇ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਬਿੱਟੂ ਸਿੰਘ ਖੋਖਰ ਨੇ ਨਿਭਾਈ। ਇਸ ਮੌਕੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਇਨਕਲਾਬ ਅਤੇ ਬਦਲਾਅ ਦੇ ਨਾਅਰੇ ਹੇਠ ਸਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਵੇਂ ਸ਼ਹੀਦ ਭਗਤ ਸਿੰਘ ਅਤੇ ਗਰੀਬਾਂ ਦੇ ਮਸੀਹਾ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਫੋਟੋ ਸਰਕਾਰੀ ਦਫ਼ਤਰਾਂ ਵਿੱਚ ਲਗਾਈ ਗਈ ਪਰੰਤੂ ਸੱਚ ਬੋਲਣ ਵਾਲਿਆਂ ਅਤੇ ਲਿਖਣ ਵਾਲਿਆਂ ਤੇ ਝੂਠੇ ਕੇਸ ਦਰਜ਼ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਉਦਹਾਰਣ ਸਾਬਕਾ ਵਿਦਿਆਰਥੀ ਆਗੂ ਅਤੇ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਦਰਜ ਕੀਤੇ ਝੂਠੇ ਕੇਸ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸੱਚ ਸੁਣਨ ਤੋਂ ਭੱਜ ਰਹੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਮਾਲੀ ਦੇ ਖਿਲਾਫ ਦਰਜ ਝੂਠੇ ਕੇਸ ਨੂੰ ਰੱਦ ਕਰਵਾਉਣ ਲਈ ਜਨਤਕ ਤੌਰ ਤੇ ਲੋਕ ਇਕੱਠੇ ਹੋ ਰਹੇ ਹਨ ਲੇਕਿਨ ਸਰਕਾਰ ਕੁੰਭਕਰਨੀ ਨੀਂਦ ਤੋਂ ਨਹੀਂ ਜਾਗ ਰਹੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਬਿਨਾਂ ਸ਼ਰਤ ਜਲਦ ਰਿਹਾਅ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਪਾਰਟੀ ਅਤੇ ਜਥੇਬੰਦੀ ਵੱਲੋਂ ਰੁਜ਼ਗਾਰ ਦੀ ਪ੍ਰਾਪਤੀ ਲਈ ਲੋਕ ਲਹਿਰ ਉਸਾਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਇਸ ਮੌਕੇ ਰਾਜਵਿੰਦਰ ਕੌਰ ਮਾਡਲ ਟਾਊਨ ,ਰਘਬੀਰ ਸਿੰਘ ਜਵੰਧਾ, ਕੁਲਵੰਤ ਸਿੰਘ ਛਾਜਲੀ, ਘਮੰਡ ਸਿੰਘ ਉਗਰਾਹਾਂ, ਸੰਘਾ ਸਿੰਘ, ਇੰਦਰਜੀਤ ਕੌਰ ਦਿਆਲਗੜ੍ਹ ਨੇ ਵੀ ਵਿਚਾਰ ਸਾਂਝੇ ਕੀਤੇ ।