ਸੁਨਾਮ : ਸੁਨਾਮ ਦੀਆਂ ਕਚਹਿਰੀਆਂ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਅੰਦਰ ਦਾਖ਼ਲੇ ਸਮੇਂ ਵਸੂਲੇ ਜਾ ਰਹੇ ਕਥਿਤ ਗੁੰਡਾ ਟੈਕਸ ਦੇ ਖਿਲਾਫ ਸੋਮਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਾਰਕੁਨਾਂ ਨੇ ਸੁਨਾਮ ਦੀਆਂ ਕਚਹਿਰੀਆਂ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਨੱਕ ਹੇਠ ਚੱਲ ਰਹੇ ਵਰਤਾਰੇ ਤੋਂ ਆਮ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਇਲਾਵਾ ਜ਼ਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਰਾਮ ਸ਼ਰਨ ਸਿੰਘ ਉਗਰਾਹਾਂ ਨੇ ਕਿਹਾ ਕਿ ਸੁਨਾਮ ਦੀਆਂ ਕਚਹਿਰੀਆਂ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਵਿੱਚ ਸ਼ਰੇਆਮ ਗੁੰਡਾ ਟੈਕਸ ਵਸੂਲੇ ਜਾ ਰਹੇ ਹਨ ਇਸ ਦੌਰਾਨ ਦੋਵੇਂ ਜਨਤਕ ਥਾਵਾਂ ਤੇ ਵਹੀਕਲਾਂ ਤੇ ਆਉਣ ਵਾਲੇ ਆਮ ਲੋਕਾਂ ਨੂੰ ਟੈਕਸ ਵਸੂਲੀ ਕਰਨ ਵਾਲੇ ਵਿਅਕਤੀਆਂ ਪਾਸੋਂ ਜ਼ਲਾਲਤ ਵੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਉਕਤ ਦੋਵਾਂ ਥਾਵਾਂ ਤੇ ਨਾ ਕੋਈ ਸਟੈਂਡ ਖੁੱਲੀ ਜਗ੍ਹਾ ਤੇ ਬਣਿਆ ਹੋਇਆ ਹੈ ਜਿੱਥੇ ਵਹੀਕਲ ਖੜ੍ਹੇ ਕੀਤੇ ਜਾ ਸਕਣ, ਬਾਵਜੂਦ ਇਸਦੇ ਵਹੀਕਲਾਂ ਦੀਆਂ ਪਰਚੀਆਂ ਕੱਟੀਆਂ ਜਾਂ ਰਹੀ ਹਨ। ਬੁਲਾਰਿਆਂ ਨੇ ਕਿਹਾ ਕਿ ਸਾਈਕਲ ਸਟੈਂਡ ਵਾਲੇ ਕਥਿਤ ਠੇਕੇਦਾਰ ਹਸਪਤਾਲ ਕਚਹਿਰੀ ਆਉਂਦੀਆਂ ਧੀਆਂ ਭੈਣਾਂ ਨਾਲ ਵੀ ਕਥਿਤ ਤੌਰ ਤੇ ਮਾੜਾ ਸਲੂਕ ਕਰਦੇ ਹਨ। ਕਿਸਾਨ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਪੇਸ਼ ਆ ਰਹੀ ਉਕਤ ਮਾਮਲੇ ਵੱਲ ਧਿਆਨ ਦੇਣ ਨੂੰ ਯਕੀਨੀ ਬਣਾਉਣ ਜੇਕਰ ਸਰਕਾਰ ਨੇ ਇਹਨਾਂ ਗੁੰਡਿਆਂ ਨੂੰ ਨੱਥ ਨਾ ਪਾਈ ਤਾਂ ਆਉਣ ਵਾਲੇ ਸਮੇਂ ਵਿੱਚ ਸਖ਼ਤ ਸੰਘਰਸ਼ ਕਰਾਂਗੇ। ਰੋਸ ਧਰਨੇ ਨੂੰ ਸੁਖਪਾਲ ਸਿੰਘ ਮਾਣਕ ਕਣਕਵਾਲ, ਪਾਲ ਸਿੰਘ ਦੌਲੇਵਾਲਾ, ਲਾਲੀ ਸਿੰਘ, ਅਜੈਬ ਸਿੰਘ ਜਖੇਪਲ, ਮਨੀ ਸਿੰਘ ਭੈਣੀ, ਯਾਦਵਿੰਦਰ ਸਿੰਘ ਚੱਠਾ, ਗਗਨਦੀਪ ਸਿੰਘ ਚੱਠਾ ਤੋਂ ਇਲਾਵਾ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।