ਰਾਮਪੁਰਾ ਫੂਲ : ਪੰਚਾਇਤੀ ਚੋਣਾਂ ਲਈ ਫੂਲ ਵਿਧਾਨ ਸਭਾ ਹਲਕੇ ਅੰਦਰ ਸਰਬਸੰਮਤੀ ਦੀ ਗੂੰਜ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਤੋਂ ਪਈ ਹੈ; ਜਿੱਥੇ ਲੋਕਾਂ ਨੇ ਇੱਕ ਰਾਇ ਹੋ ਕੇ ਸ਼੍ਰੀਮਤੀ ਸਰਬਜੀਤ ਕੌਰ ਨੂੰ ਆਪਣੀ ਸਰਪੰਚ ਚੁਣ ਲਿਆ ਹੈ। ਸਿੱਟੇ ਵਜੋਂ ਇਸ ਹਲਕੇ ਦੀ ਇਹ ਪਹਿਲੀ ਪੰਚਾਇਤ ਹੈ, ਜ਼ੋ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਲਾਨੀ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਅਤੇ ਹੋਰ ਸਹੂਲਤਾਂ ਦੀ ਹੱਕਦਾਰ ਹੋ ਗਈ ਹੈ। ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਸਮੇਤ ਹਰਪ੍ਰੀਤ ਹੈਪੀ , ਚਮਕੌਰ ਸਿੰਘ ਕੋਠੇ ਹਿੰਮਤਪੁਰਾ ਨੇ ਪਿੰਡ ਦੇ ਇੱਕਸੁਰ ਹੋਣ ਲਈ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ ਹੈ। ਹਾਸਲ ਵੇਰਵਿਆਂ ਅਨੁਸਾਰ ਇਹ ਚੋਣ ਮਹਿਰਾਜ ਦੀ ਪੱਤੀ ਕਾਲਾ ਅੰਦਰ ਸਥਿਤ ਕੋਠੇ ਮਹਿਰਾਜ ਅੰਦਰ ਹੋਈ ਹੈ। ਬਾਬੂ ਸਿੰਘ ਦੇ ਧਰਮਪਤਨੀ ਸ਼੍ਰੀਮਤੀ ਸਰਬਜੀਤ ਕੌਰ ਹਲਕੇ ਦੇ ਪਹਿਲੇ ਸਰਪੰਚ ਹਨ ,ਜ਼ੋ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸੇ ਤਰ੍ਹਾਂ ਮੈਂਬਰ ਪੰਚਾਇਤ ਵਜੋਂ ਗੁਰਜੀਤ ਕੌਰ, ਸਰਬਜੀਤ ਕੌਰ,ਗੁਰਮੇਲ ਸਿੰਘ ਅੰਮ੍ਰਿਤਪਾਲ ਸਿੰਘ ਅਤੇ ਨਿਰਮਲ ਸਿੰਘ ਤੇ ਵੀ ਸਰਬਸੰਮਤੀ ਬਣੀ ਹੈ।