ਹੜਤਾਲ ਕਾਰਨ ਕਿਸਾਨ ਵੀ ਮੰਡੀ ਵਿੱਚ ਜਿਣਸ ਲੈਕੇ ਨਾ ਆਏ
ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪਹਿਲੀ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦੇ ਦਾਅਵੇ ਪਹਿਲੇ ਦਿਨ ਹੀ ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਦੀ ਹੜਤਾਲ ਕਾਰਨ ਠੁੱਸ ਹੋ ਕੇ ਰਹਿ ਗਏ। ਮੰਗਾਂ ਨੂੰ ਲੈਕੇ ਕੀਤੀ ਹੜਤਾਲ ਕਾਰਨ ਕਿਸਾਨ ਵੀ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਨਾ ਲੈਕੇ ਆਏ ਜਿਸ ਕਾਰਨ ਸੈਂਕੜੇ ਏਕੜ ਵਿੱਚ ਫੈਲੀ ਸੁਨਾਮ ਦੀ ਅਨਾਜ਼ ਮੰਡੀ ਸੁੰਨਸਾਨ ਦਿਖਾਈ ਦਿੱਤੀ। ਖ਼ਾਸ ਗੱਲ ਇਹ ਰਹੀ ਕਿ ਅੱਜ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਦੇ ਮੱਦੇਨਜ਼ਰ ਮੰਡੀ ਵਿੱਚ ਸਫ਼ਾਈ ਵੀ ਦਿਖਾਈ ਨਹੀਂ ਦਿੱਤੀ। ਆੜ੍ਹਤੀਆਂ ਤੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਮੰਗਾਂ ਦੀ ਪੂਰਤੀ ਤੱਕ ਹੜਤਾਲ ਜਾਰੀ ਰਹੇਗੀ। ਆੜਤੀ ਅਤੇ ਗੱਲਾ ਮਜ਼ਦੂਰਾਂ ਨੇ ਆਖਿਆ ਕਿ ਭਗਵੰਤ ਮਾਨ ਸਰਕਾਰ ਵਾਅਦੇ ਕਰਕੇ ਮੁੱਕਰ ਰਹੀ ਹੈ। ਆੜਤੀ ਐਸੋਸੀਏਸ਼ਨ ਸੁਨਾਮ ਇਕਾਈ ਦੇ ਪ੍ਰਧਾਨ ਰਾਜਨ ਹੋਡਲਾ, ਸਲਾਹਕਾਰ ਪ੍ਰਿਤਪਾਲ ਸਿੰਘ ਹਾਂਡਾ, ਮਾਸਟਰ ਰਚਨਾ ਰਾਮ, ਮਦਨ ਪੋਪਲੀ, ਸੈਕਟਰੀ ਰਾਹੁਲ ਗਰਗ ਅਤੇ ਮਨਿੰਦਰ ਸਿੰਘ ਲਖਮੀਰਵਾਲਾ ਨੇ ਕਿਹਾ ਕਿ ਸੂਬੇ ਦੀ ਸਰਕਾਰ ਆੜ੍ਹਤੀਆਂ ਦੀਆਂ ਮੰਗਾਂ ਨੂੰ ਲੈਕੇ ਰਤਾ ਭਰ ਵੀ ਗੰਭੀਰ ਦਿਖਾਈ ਨਹੀਂ ਦੇ ਰਹੀ ਜਿਸ ਕਾਰਨ ਆੜਤੀ ਵਰਗ ਨੂੰ ਸੂਬਾ ਪੱਧਰੀ ਹੜਤਾਲ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆੜ੍ਹਤੀਆਂ ਨੂੰ ਪੂਰੀ ਦਾਮੀ ਦੇਣ ਤੋਂ ਭੱਜ ਰਹੀ ਹੈ ਢਾਈ ਫ਼ੀਸਦੀ ਤੋਂ ਕਟੌਤੀ ਕਰਕੇ ਦੋ ਫ਼ੀਸਦੀ ਦਿੱਤੀ ਜਾ ਰਹੀ ਹੈ ਜਦਕਿ ਖਰਚੇ ਦਿਨ ਬ ਦਿਨ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾਮੀ ਢਾਈ ਫ਼ੀਸਦੀ ਦੇਣ ਤੋਂ ਇਲਾਵਾ ਲਦਾਈ ਲੁਹਾਈ ਹਰਿਆਣਾ ਦੀ ਤਰਜ਼ ਤੇ ਦੇਣ ਨੂੰ ਯਕੀਨੀ ਬਣਾਵੇ। ਇਸੇ ਦੌਰਾਨ ਸੁਨਾਮ ਵਿਖੇ ਗੱਲਾ ਮਜ਼ਦੂਰ ਯੂਨੀਅਨ ਨੇ ਵੀ ਮੰਗਾਂ ਨਾ ਮੰਨੇ ਜਾਣ ਤੇ ਮੰਡੀ ਮਜ਼ਦੂਰਾਂ ਨੇ ਮੁਕੰਮਲ ਹੜਤਾਲ ਕਰਕੇ ਸਰਕਾਰ ਪ੍ਰਤੀ ਰੋਸ ਜਤਾਇਆ। ਮਜ਼ਦੂਰ ਆਗੂ ਸੁਰੇਸ਼ ਕੁਮਾਰ ਨੇ ਕਿਹਾ ਕਿ ਸਰਕਾਰ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਮਾਮੂਲੀ ਵਾਧਾ ਕਰਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਪਰ ਜਦੋਂ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਸਮੇਂ ਤੱਕ ਉਹ ਕੰਮ ਤੇ ਨਹੀਂ ਜਾਣਗੇ। ਹੜਤਾਲ ਤੋ ਬਾਅਦ ਮਜ਼ਦੂਰਾਂ ਨੇ ਰੋਸ ਮਾਰਚ ਕਰਕੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਿਵਾਸ ਤੇ ਪਹੁੰਚੇ ਅਤੇ ਦਫ਼ਤਰੀ ਅਮਲੇ ਨੂੰ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰੇਸ਼ ਕੁਮਾਰ ਪ੍ਰਧਾਨ, ਦੀਪਕ ਕੁਮਾਰ, ਸੰਜੇ ਕੁਮਾਰ, ਮਿੱਠੂ ਸਿੰਘ,ਰਾਜ ਕੁਮਾਰ ਅਤੇ ਨੀਸੂ ਕੁਮਾਰ ਆਦਿ ਮਜ਼ਦੂਰ ਸ਼ਾਮਲ ਸਨ।