ਪਟਿਆਲਾ : ਕੋਵਿਡ-19 ਮਹਾਂਮਾਰੀ ਤੋਂ ਪ੍ਰਭਾਵਤ ਸਾਬਕਾ ਸੈਨਿਕਾਂ ਲਈ ਰਾਹਤ ਦਿੰਦਿਆਂ ਭਾਰਤੀ ਫ਼ੌਜ ਦੇ ਪਟਿਆਲਾ ਸਥਿਤ ਮਿਲਟਰੀ ਹਸਪਤਾਲ ਵਿਖੇ ਕੋਵਿਡ-19 ਰਿਸੈਪਸ਼ਨ ਸੈਲ ਅਤੇ ਕੇਅਰ ਸੈਂਟਰ ਖੋਲ੍ਹਿਆ ਹੈ ਗਿਆ। ਭਾਰਤੀ ਫ਼ੌਜ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਸੈਨਿਕਾਂ ਦੀ ਉਮਰ ਅਤੇ ਉਨ੍ਹਾਂ ਨੂੰ ਕੋਵਿਡ ਲਾਗ ਤੋਂ ਪੀੜਤਾਂ ਦੇ ਸੰਪਰਕ 'ਚ ਆਉਣ ਦੀਆਂ ਸੰਭਾਵਨਾਵਾਂ ਨੇ ਉਨ੍ਹਾਂ ਨੂੰ ਕੋਵਿਡ ਲਾਗ ਪ੍ਰਤੀ ਸੰਵੇਦਨਸ਼ੀਲ ਬਣਾ ਦਿੱਤਾ ਹੈ, ਜਿਸ ਲਈ ਅਰਾਵਤ ਡਵੀਜ਼ਨ ਤੇ ਮਿਲਟਰੀ ਹਸਪਤਾਲ ਪਟਿਆਲਾ ਨੇ ਈ.ਸੀ.ਐਚ.ਐਸ. ਸਹੂਲਤ ਨਾਲ ਮਿਲਕੇ ਪਟਿਆਲਾ ਜ਼ਿਲ੍ਹੇ ਦੇ 13000 ਦੇ ਕਰੀਬ ਸਾਬਕਾ ਫ਼ੌਜੀਆਂ ਨੂੰ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਸਹਾਇਤਾ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ।
ਮਿਲਟਰੀ ਹਸਪਤਾਲ ਵਿਖੇ ਕੋਵਿਡ ਤੋਂ ਬਚਾਅ ਲਈ ਵੈਕਸੀਨੇਸ਼ਨ, ਟੈਸਟਿੰਗ, ਇਲਾਜ ਤੇ ਗੰਭੀਰ ਰੋਗੀਆਂ ਦੇ ਇਲਾਜ ਦਾ ਪ੍ਰਬੰਧ ਹੈ ਪਰੰਤੂ ਫਿਰ ਵੀ ਹਸਪਤਾਲ ਮੈਨੇਜਮੈਂਟ ਨੇ ਕੋਵਿਡ ਦੇ ਵੱਧਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਦੇਖਿਆ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਸੈਨਾ ਹਸਪਤਾਲ ਦੀ ਸਮਰੱਥਾ ਵਧਾਉਣ ਲਈ ਸੈਨਾ ਹਸਪਤਾਲ ਦੇ ਦਰਵਾਜੇ 'ਤੇ ਹੀ ਸਾਬਕਾ ਸੈਨਿਕਾਂ ਲਈ ਕੋਵਿਡ ਰਿਸ਼ੈਪਸ਼ਨ ਅਤੇ ਕੇਅਰ ਸੈਂਟਰ ਸਥਾਪਤ ਕੀਤਾ ਗਿਆ ਹੈ।
ਇਹ ਸੈਂਟਰ 24 ਘੰਟੇ ਅਤੇ ਹਫ਼ਤੇ ਦੇ ਸੱਤੇ ਦਿਨ ਚਾਲੂ ਰਹੇਗਾ ਅਤੇ ਕੋਵਿਡ ਤੋਂ ਪ੍ਰਭਾਵਤ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਮਦਦ ਕਰਨ ਲਈ ਸਮਰਪਿਤ ਹੈ। ਇਹ, ਸੈਂਟਰ ਮਿਲਟਰੀ ਹਸਪਤਾਲ ਅਤੇ ਈ.ਸੀ.ਐਚ.ਐਸ. ਪਾਲੀਕਲੀਨਿਕ ਦੇ ਖੇਤਰਾਂ 'ਚ ਕੋਵਿਡ ਟੈਸਟ, ਇਲਾਜ, ਟੀਕਾਕਰਨ ਲਈ ਜਰੂਰੀ ਸੇਧਾਂ ਪ੍ਰਦਾਨ ਕਰਨ ਲਈ ਸਹਾਇਤਾ ਕਰੇਗਾ। ਇਸ ਤੋਂ ਇਲਾਵਾ ਸੈਂਟਰ, ਐਮਰਜੈਂਸੀ ਸਹਾਇਤਾ ਲਈ ਐਂਬੂਲੈਂਸ, ਸਟਰੇਚਰ, ਵ੍ਹੀਲਚੇਅਰ ਅਤੇ ਆਕਸੀਜਨ ਲਗੇ ਬੈਡ ਵਰਗੀਆਂ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰਨ 'ਚ ਵੀ ਸਹਾਇਤਾ ਕਰੇਗਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਾਈ.ਫਾਈ ਯੁਕਤ ਸੈਂਟਰ ਵਿਖੇ 24 ਘੰਟੇ 7 ਦਿਨ ਹੈਲਪਲਾਈਨ ਨੰਬਰ 76961-93368 ਕੋਵਿਡ-19 ਮਹਾਂਮਾਰੀ ਦੇ ਸਬੰਧ 'ਚ ਪਟਿਆਲਾ ਦੇ ਸਾਬਕਾ ਸੈਨਿਕਾਂ ਦੇ ਸਵਾਲਾਂ ਦੇ ਜਵਾਬ ਅਤੇ ਮਦਦ ਕਰਨ ਲਈ ਸਥਾਪਤ ਕੀਤਾ ਗਿਆ ਹੈ। ਈ.ਸੀ.ਐਚ.ਐਸ. ਪਟਿਆਲਾ ਨੇ ਈ.ਸੀ.ਐਚ.ਐਸ. ਪਾਲੀਕਲਿਨਿਕ ਨਾਲ ਸਬੰਧਤ ਪੂਰੀ ਜਾਣਕਾਰੀ ਲਈ ਸਿੰਗਲ ਪੁਆਇੰਟ ਅਸੈਸ ਦੇ ਰੂਪ 'ਚ ਪੇਜ਼ ਬਣਾਕੇ ਸਾਬਕਾ ਸੈਨਿਕਾਂ ਦੀ ਸਹਾਇਤਾ ਲਈ ਇੱਕ ਅਨੂਖੀ ਪਹਿਲ ਕੀਤੀ ਹੈ। ਇਸਦੀ ਵਰਤੋਂ ਰੋਜ਼ਾਨਾ ਡਾਕਟਰ ਨਾਲ ਮਿਲਣੀਆਂ, ਮਹੱਤਵਪੂਰਨ ਸੰਪਰਕ ਵਿਵਰਣ, ਡਾਕਟਰਾਂ ਦੀ ਉਪਲਬੱਧਤਾ, ਟੀਕਾਕਰਨ ਸਹਿਤ ਕੋਵਿਡ ਲਈ ਐਮਰਜੈਂਸੀ ਸੇਵਾਵਾਂ, ਪੈਨਲਬੱਧ ਹਸਪਤਾਲਾਂ 'ਚ ਬੈਡਾਂ ਦੀ ਸਥਿਤੀ ਦੀ ਜਾਣਕਾਰੀ ਆਦਿ ਲਈ ਕੀਤਾ ਜਾ ਸਕੇਗੀ। ਇਸ ਪੇਜ ਦੀ ਪਹੁੰਚ ਆਸਾਨ ਹੈ ਅਤੇ ਇਸ ਲਈ ਵਿਅਕਤੀਗਤ ਫੇਸਬੁਕ ਖਾਤੇ ਦੀ ਲੋੜ ਨਹੀਂ ਹੈ।
ਪਟਿਆਲਾ ਅਤੇ ਰਾਜਪੁਰਾ 'ਚ ਕੁਲ ਸੱਤ ਹਸਪਤਾਲ ਹਨ, ਜੋ ਕਿ ਸਾਬਕਾ ਸੈਨਿਕਾਂ ਦੀ ਸਹਾਇਤਾ ਲਈ ਈ.ਸੀ.ਐਚ.ਐਸ. ਪਟਿਆਲਾ ਨਾਲ ਸੂਚੀਬੱਧ ਹਨ, ਜਿਨ੍ਹਾਂ 'ਚ 39 ਜੀਵਨਰੱਖਿਅਕ ਵੈਂਟੀਲੇਟਰਾਂ ਸਮੇਤ 204 ਬੈਡ ਉਪਲਬਧ ਹਨ। ਇਨ੍ਹਾਂ 'ਚ ਕੋਲੰਬੀਆ ਏਸ਼ੀਆ, ਅਮਰ ਹਸਪਤਾਲ, ਪ੍ਰਾਈਮ ਹਸਪਤਾਲ ਤੇ ਰਾਜਪੁਰਾ ਦਾ ਨੀਲਮ ਹਸਪਤਾਲ ਵੀ ਸ਼ਾਮਲ ਹਨ। ਬੁਲਾਰੇ ਨੇ ਹੈਲਪਲਾਈਨ ਨੰਬਰ ਜਾਰੀ ਕਰਦਿਆਂ ਦੱਸਿਆ ਕਿ 90561-11022, 90564-11022, 90651-11022 ਤੇ 76961-93368 ਅਤੇ ਈਮੇਲ ਆਈਡੀ. Pf01helpline@gmail.com, Pf02helplin@gmail.com,
Pf03helpline@gmail.com, ਉਪਰ ਸੰਪਰਕ ਕੀਤਾ ਜਾ ਸਕਦਾ ਹੈ।