ਸੁਨਾਮ : ਪੰਚਾਇਤ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਸੁਨਾਮ ਬਲਾਕ ਦੇ ਪਿੰਡ ਨਮੋਲ, ਟਿੱਬੀ ਰਵਿਦਾਸ ਪੁਰਾ ਸਮੇਤ ਹੋਰਨਾਂ ਪੰਚਾਇਤਾਂ ਦੇ ਬਣਾਏ ਵਾਰਡਾਂ ਵਿਚੋਂ ਵੋਟਾਂ ਬਦਲ ਕੇ ਇਕ ਦੂਜੇ ਵਾਰਡ ਵਿਚ ਪਾ ਦੇਣ ਤੋਂ ਭੜਕੇ ਕਾਮਿਆਂ ਨੇ ਮੰਗਲਵਾਰ ਨੂੰ ਬੀਡੀਪੀਓ ਦਫ਼ਤਰ ਸਾਹਮਣੇ ਧਰਨਾ ਦੇਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦਲਿਤ ਭਾਈਚਾਰੇ ਨਾਲ ਸਬੰਧਿਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਕੇਵਲ ਸਿੰਘ, ਡੈਮੋਕਰੇਟਿਕ ਮਨਰੇਗਾ ਫਰੰਟ ਦੀ ਹਰਪਾਲ ਕੌਰ ਅਤੇ ਸੋਮਾ ਰਾਣੀ ਨੇ ਕਿਹਾ ਕਿ ਇੱਕ ਪਾਸੇ ਤਾਂ ਇੱਥੋਂ ਦਾ ਲੋਕਤੰਤਰ ਸਭ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ ਦੂਜੇ ਪਾਸੇ ਐਸ ਸੀ ਪਰਿਵਾਰਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਸਿਆਸੀ ਪਾਰਟੀਆਂ ਵੱਲੋਂ ਦਬਾਅ ਪਾਕੇ ਖੋਹਿਆ ਜਾ ਰਿਹਾ ਹੈ। ਭਾਰਤੀ ਸੰਵਿਧਾਨ ਮੁਤਾਬਿਕ ਹਰ ਇੱਕ ਵਿਅਕਤੀ ਨੂੰ ਆਪਣਾ ਵੋਟ ਪਾਉਣ ਅਤੇ ਉਮੀਦਵਾਰ ਚੁਣਨ ਦਾ ਪੂਰਾ ਅਧਿਕਾਰ ਹੈ ਪਰ ਪ੍ਰਸ਼ਾਸਨ ਅਤੇ ਇੱਥੋਂ ਦੀ ਆਮ ਆਦਮੀ ਪਾਰਟੀ ਦੀ ਕਥਿਤ ਮਿਲੀ ਭੁਗਤ ਹੋਣ ਕਰਕੇ ਪਿੰਡ ਨਮੋਲ ਅਤੇ ਰਵਿਦਾਸ ਪੁਰਾ ਟਿੱਬੀ ਵਿੱਚ ਮਜ਼ਦੂਰਾਂ ਦੀਆਂ ਵੋਟਾਂ ਉਨ੍ਹਾਂ ਦੇ ਵਾਰਡਾਂ ਵਿੱਚੋਂ ਕੱਟ ਕੇ ਵੱਖਰੇ ਵਾਰਡਾਂ ਵਿੱਚ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਸ਼ਹਿ ਤੇ ਅਜਿਹਾ ਵਰਤਾਰਾ ਮਜ਼ਦੂਰਾਂ ਨਾਲ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਮਜ਼ਦੂਰ ਜਮਾਤ ਵੱਲੋਂ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਅਧਿਕਾਰੀਆਂ ਵੱਲੋਂ ਇਨਸਾਫ਼ ਨਹੀਂ ਮਿਲ ਰਿਹਾ। ਡੈਮੋਕਰੇਟਿਕ ਮਨਰੇਗਾ ਫਰੰਟ ਦੇ ਗੁਰਸੇਵਕ ਧਰਮਗੜ੍ਹ ਸਿੰਘ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਲੋਕਤੰਤਰੀ ਪ੍ਰਣਾਲੀ ਵਿਚ ਹਰ ਇੱਕ ਵਿਅਕਤੀ ਨੂੰ ਵੋਟ ਪਾਉਣ ਅਤੇ ਆਪਣਾ ਨੁਮਾਇੰਦਾ ਚੁਣਨ ਦਾ ਜਮਹੂਰੀ ਹੱਕ ਮਿਲਣਾ ਚਾਹੀਦਾ ਹੈ। ਮਜ਼ਦੂਰ ਆਗੂਆਂ ਨੇ ਦੱਸਿਆ ਕਿ ਬੀਡੀਪੀਓ ਸੁਨਾਮ ਸੰਜੀਵ ਕੁਮਾਰ ਵੱਲੋਂ ਦੋ ਦਿਨਾਂ ਦੇ ਅੰਦਰ ਮਸਲਾ ਹੱਲ ਦਾ ਭਰੋਸਾ ਦਿੱਤਾ।