ਪੰਚਾਇਤੀ ਜ਼ਮੀਨ ਤੇ ਕਬਜ਼ੇ ਦਾ ਮਾਮਲਾ ਅਦਾਲਤ 'ਚ ਵਿਚਾਰ ਅਧੀਨ : ਬੀਡੀਪੀਓ
ਸੁਨਾਮ : ਵਿਧਾਨ ਸਭਾ ਹਲਕਾ ਦਿੜ੍ਹਬਾ ਅਤੇ ਬਲਾਕ ਸੁਨਾਮ ਦੇ ਪਿੰਡ ਮੈਦੇਵਾਸ ਤੋਂ ਸਰਪੰਚ ਦੇ ਅਹੁਦੇ ਲਈ ਚੋਣ ਲੜਨ ਦੇ ਚਾਹਵਾਨ ਵਿਅਕਤੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰਵਾਏ ਜਾਣ ’ਤੋਂ ਭੜਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਪਿੰਡ ਵਾਸੀਆਂ ਨੇ ਸੁਨਾਮ ਪਟਿਆਲਾ ਮੁੱਖ ਸੜਕ ’ਤੇ ਧਰਨਾ ਦੇਕੇ ਚੱਕਾ ਜਾਮ ਕੀਤਾ। ਟ੍ਰੈਫਿਕ ਜਾਮ ਕਾਰਨ ਰਾਹਗੀਰਾਂ ਨੂੰ ਕਈ ਘੰਟੇ ਤੱਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਧਰਨਾਕਾਰੀਆਂ ਨੇ ਸੂਬੇ ਦੀ ਹਾਕਮ ਧਿਰ ਤੇ ਕਥਿਤ ਧੱਕੇਸ਼ਾਹੀ ਦੇ ਇਲਜ਼ਾਮ ਲਾਏ ਹਨ। ਮੈਦੇਵਾਸ ਪਿੰਡ ਦੇ ਬਲਵਿੰਦਰ ਸਿੰਘ ਨਾਮੀ ਵਿਅਕਤੀ ਨੇ ਦੱਸਿਆ ਕਿ ਉਹ ਸਰਪੰਚ ਦੀ ਚੋਣ ਲੜਨ ਲਈ ਪਿਛਲੇ ਕਈ ਦਿਨਾਂ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰੰਤੂ
ਸਬੰਧਿਤ ਅਧਿਕਾਰੀ ਨਾਮਜ਼ਦਗੀ ਪੱਤਰ ਲੈਣ ਤੋਂ ਇਨਕਾਰ ਕਰ ਰਹੇ ਹਨ। ਨਾਮਜ਼ਦਗੀ ਦਾਖ਼ਲ ਕਰਨ ਦਾ ਅੱਜ ਆਖਰੀ ਦਿਨ ਹੈ। ਉਨ੍ਹਾਂ ਦੱਸਿਆ ਕਿ ਸਬੰਧਿਤ ਅਧਿਕਾਰੀ ਇਹ ਇਤਰਾਜ਼ ਲਗਾ ਰਹੇ ਹਨ ਕਿ ਉਸਨੇ ਗ੍ਰਾਮ ਪੰਚਾਇਤ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਦੋਂ ਕਿ ਉਸ ਕੋਲ ਤਹਿਸੀਲਦਾਰ ਸੁਨਾਮ ਦੀ ਰਿਪੋਰਟ ਹੈ ਜਿਸ ਵਿੱਚ ਸਪੱਸ਼ਟ ਲਿਖਿਆ ਸੀ ਕਿ ਬਲਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮੈਦੇਵਾਸ ਨੇ ਪੰਚਾਇਤੀ ਜ਼ਮੀਨ ਤੇ ਕੋਈ ਕਬਜ਼ਾ ਨਹੀਂ ਕੀਤਾ ਹੋਇਆ ਪਰੰਤੂ ਪ੍ਰਸ਼ਾਸਨਿਕ ਅਧਿਕਾਰੀ ਇਸ ਰਿਪੋਰਟ ਨੂੰ ਨਹੀਂ ਮੰਨ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਸਰਕਾਰ ਦੀ ਸ਼ਹਿ ’ਤੇ ਉਨ੍ਹਾਂ ਨੂੰ ਚੋਣ ਲੜਨ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਵਿਰੋਧ ’ਚ ਉਹ ਰੋਸ ਪ੍ਰਗਟਾ ਰਹੇ ਹਨ। ਦੂਜੇ ਪਾਸੇ ਸੁਨਾਮ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸੰਜੀਵ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਕੁਲੈਕਟਰ ਲੈਂਡ ਡੀਡੀਪੀਓ ਸੰਗਰੂਰ ਦੀ ਅਦਾਲਤ ਦੁਆਰਾ ਬਲਵਿੰਦਰ ਸਿੰਘ ਵਾਸੀ ਮੈਦੇਵਾਸ ਦੇ ਖਿਲਾਫ ਫੈਸਲਾ ਕੀਤਾ ਗਿਆ ਹੈ ਜਿਸ ਵਿਚ ਦਰਸਾਇਆ ਗਿਆ ਹੈ ਕਿ ਉਸਨੇ ਪੰਚਾਇਤ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬਲਵਿੰਦਰ ਸਿੰਘ ਕੋਲ ਪਿੰਡ ਦੀ ਪੰਚਾਇਤੀ ਜ਼ਮੀਨ ਤੇ ਕਬਜ਼ਾ ਨਾ ਕੀਤੇ ਜਾਣ ਦੇ ਕੋਈ ਸਬੂਤ ਹਨ ਤਾਂ ਉਹ ਅਦਾਲਤ ਵਿੱਚ ਪੇਸ਼ ਕਰਕੇ ਹੁਕਮ ਲੈਣ।