ਸੁਨਾਮ : ਸੁਨਾਮ ਦੇ ਜੰਮਪਲ ਨਾਮਵਰ ਮੁੱਕੇਬਾਜ਼ ਅਤੇ ਖੇਡ ਲੇਖਕ ਮਨਦੀਪ ਸਿੰਘ ਨੇ ਖੇਡਾਂ ਬਾਰੇ ਹਾਲ ਹੀ ਵਿੱਚ ਲਿਖੀ ਆਪਣੀ ਪੁਸਤਕ "ਪੈਰਿਸ ਉਲੰਪਿਕ 2024" ਆਪਣੇ ਅਧਿਆਪਕ ਸਟੇਟ ਐਵਾਰਡੀ ਸੁਰਿੰਦਰ ਸਿੰਘ ਭਰੂਰ ਨੂੰ ਭੇਟ ਕੀਤੀ। ਕਿਤਾਬ ਦੇ ਲੇਖਕ ਮਨਦੀਪ ਸੁਨਾਮ ਨੇ ਦੱਸਿਆ ਕਿ ਜਦੋਂ ਮੈਂ ਸ਼ੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਖੇਡ ਪ੍ਰੇਮੀਆਂ ਤੱਕ ਉਲੰਪਿਕ ਖੇਡਾਂ ਦੀ ਹਰ ਜਾਣਕਾਰੀ ਸਾਂਝੀ ਕਰਦਾ ਸੀ ਤਾਂ ਮੇਰੇ ਅਧਿਆਪਕ ਸੁਰਿੰਦਰ ਸਿੰਘ ਭਰੂਰ ਨੇ ਮੈਨੂੰ ਕਹਿਣਾ ਕਿ ਓਲੰਪਿਕ ਖੇਡਾਂ ਉੱਤੇ ਕਿਤਾਬ ਜ਼ਰੂਰ ਲਿਖੋ ਉਨ੍ਹਾਂ ਕਿਹਾ ਕਿ ਮੈਂ ਆਪਣੇ ਅਧਿਆਪਕ ਦਾ ਮਾਰਗਦਰਸ਼ਨ ਪ੍ਰਾਪਤ ਕਰਕੇ ਇਹ ਕਿਤਾਬ ਲਿਖੀ ਤਾਂ ਜੋ ਸਾਡੇ ਵਿਦਿਆਰਥੀ ਇਹਨਾਂ ਖੇਡਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਖੇਡ ਵਾਤਾਵਰਨ ਵੱਲ ਪ੍ਰੇਰਿਤ ਹੋਣ। ਇਸੇ ਦੌਰਾਨ ਸਟੇਟ ਐਵਾਰਡੀ ਅਧਿਆਪਕ ਸੁਰਿੰਦਰ ਸਿੰਘ ਭਰੂਰ ਨੇ ਕਿਹਾ ਕਿ ਖੇਡਾਂ ਬਾਰੇ ਲਿਖਣ ਵਾਲਿਆਂ ਦੀ ਪੰਜਾਬ ਅੰਦਰ ਵੱਡੀ ਘਾਟ ਹੈ। ਉਨ੍ਹਾਂ ਕਿਹਾ ਕਿ ਖੇਡਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਮਿਲਣ ਨਾਲ ਨੌਜਵਾਨਾਂ ਅੰਦਰ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਹੁੰਦਾ ਹੈ। ਖੇਡਾਂ ਵੱਲ ਵਧੇਰੇ ਰੁਚੀ ਰੱਖਣ ਨਾਲ ਹੀ ਪੰਜਾਬ ਦੇ ਨੌਜਵਾਨ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਹੋਣਗੇ। ਅਧਿਆਪਕ ਸੁਰਿੰਦਰ ਸਿੰਘ ਭਰੂਰ ਨੇ ਖੇਡ ਲੇਖਕ ਮਨਦੀਪ ਸੁਨਾਮ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਹੱਲਾਸ਼ੇਰੀ ਮਿਲੇਗੀ।