ਪਟਿਆਲਾ : ਸ਼ਹਿਰ ਵਾਸੀਆਂ ਨੂੰ ਸੱਤੇ ਦਿਨ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਪਾਈਆਂ ਜਾ ਰਹੀਆਂ ਪਾਈਪਾਂ ਕਾਰਨ ਪੁੱਟੀਆਂ ਗਈਆਂ ਸੜਕਾਂ ਦੀ ਮੁਰੰਮਤ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਡਾ. ਰਜਤ ਓਬਰਾਏ ਨੇ ਦੱਸਿਆ ਕਿ ਝਿੱਲ ਵਾਲੀ ਸੜਕ ਜੋ ਏਕਤਾ ਵਿਹਾਰ, ਆਨੰਦ ਨਗਰ ਏ ਅਤੇ ਬੀ, ਦੀਪ ਨਗਰ, ਰਣਜੀਤ ਨਗਰ, ਵਿਕਾਸ ਨਗਰ ਸਮੇਤ ਦਰਜਨ ਦੇ ਕਰੀਬ ਕਲੋਨੀਆਂ ਨੂੰ ਸਰਹਿੰਦ ਰੋਡ ਨਾਲ ਜੋੜਦੇ ਹੋਏ ਬਾਈਪਾਸ ਦਾ ਕੰਮ ਕਰਦੀ ਹੈ 'ਤੇ ਲੁੱਕ ਪੈਣ ਦਾ ਕੰਮ ਮੁਕੰਮਲ ਹੋਣ ਨੇੜੇ ਹੈ।
ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸੜਕਾਂ ਟੁਟੀਆਂ ਹੋਣ ਕਰਕੇ ਆ ਰਹੀਆਂ ਦਿੱਕਤਾਂ ਦੂਰ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਟਿਆਲਾ ਦਿਹਾਤੀ ਦੇ ਵਿਧਾਇਕ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਇਨ੍ਹਾਂ ਸੜਕਾਂ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਜੇਲ੍ਹ ਦੀ ਪਿਛਲੀ ਸੜਕ, ਅਜੀਤ ਨਗਰ, ਲੇਡੀ ਫਾਤਿਮਾ ਸਕੂਲ ਰੋਡ, ਡੀ.ਐਲ.ਐਫ ਕਲੋਨੀ ਰੋਡ ਤੇ ਝਿੱਲ ਰੋਡ ਤੋਂ ਕੋਹਲੀ ਸਵੀਟ ਤੱਕ ਦੀ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜੋ ਜਲਦੀ ਹੀ ਮੁਕੰਮਲ ਹੋ ਜਾਵੇਗਾ।
ਕਮਿਸ਼ਨਰ ਨੇ ਦੱਸਿਆ ਕਿ ਫੁਲਕੀਆਂ ਇਨਕਲੇਵ ਤੋਂ ਤ੍ਰਿਪੜੀ ਤੱਕ, ਮਨਜੀਤ ਨਗਰ, ਫੈਕਟਰੀ ਏਰੀਆ, ਡੀ.ਐਲ.ਐਫ਼ ਤੇ ਅਨੰਦ ਨਗਰ ਦੇ ਖੇਤਰਾਂ ਦੀਆਂ ਸੜਕਾਂ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਲਈ ਚਾਰ ਕਰੋੜ ਰੁਪਏ ਦਾ ਟੈਂਡਰ ਪਾਸ ਹੋ ਚੁੱਕਾ ਹੈ ਤੇ ਜਲਦ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਦੀਪਜੋਤ ਕੌਰ ਤੇ ਐਸ.ਈ. ਗੁਰਪ੍ਰੀਤ ਸਿੰਘ ਵਾਲੀਆ ਤੇ ਹਰਕਿਰਨ ਸਿੰਘ ਵੀ ਮੌਜੂਦ ਸਨ।