ਕਾਬੂ ਕੀਤੇ ਗਏ ਮੁਲਜ਼ਮ ਗੈਂਗ ਬਣਾ ਕੇ ਲੋਕਾਂ ਤੋਂ ਫਿਰੌਤੀਆਂ ਵਸੂਲਣ ਤੇ ਨਸ਼ੇ ਵੇਚਣ ਦਾ ਕਰਦੇ ਸਨ ਕੰਮ
ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਅਧੀਨ ਕਈ ਕੇਸ ਦਰਜ
ਫ਼ਤਹਿਗੜ੍ਹ ਸਾਹਿਬ : ਬੀਤੀ 02 ਅਕਤੂਬਰ ਨੂੰ ਪਿੰਡ ਬਦੀਨਪੁਰ ਵਿਖੇ ਤਰਨਜੀਤ ਸਿੰਘ ਉਰਫ ਨੰਨੀ ਵਾਸੀ ਮੰਡੀ ਗੋਬਿੰਦਗੜ੍ਹ ਦੇ ਕਤਲ ਕੇਸ ਵਿੱਚ 04 ਮੁਲਜ਼ਮਾਂ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਪਾਸੋਂ ਇੱਕ ਦੇਸੀ ਪਿਸਟਲ, ਲੋਹੇ ਦੇ 02 ਦਾਹ ਤੇ ਇੱਕ ਸਕਾਰਪੀਓ ਗੱਡੀ ਨੰਬਰ ਬਰਾਮਦ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਤਰਨਜੀਤ ਸਿੰਘ ਦੇ ਪਿਤਾ ਦੇ ਬਿਆਨਾਂ 'ਤੇ ਮੰਡੀ ਗੋਬਿੰਦਗੜ੍ਹ ਪੁਲਿਸ ਥਾਣੇ ਵਿੱਚ ਕਥਿਤ ਦੋਸ਼ੀ ਧੀਰਜ ਬੱਤਾ ਉਰਫ ਧੀਰੂ, ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲੜ, ਤਰਨਪ੍ਰੀਤ ਸਿੰਘ ਉਰਫ ਤਰਨ, ਗੌਰਵ ਕੁਮਾਰ ਉਰਫ ਗੱਗੀ ਅਤੇ ਸੰਦੀਪ ਸਿੰਘ ਉਰਫ ਬਾਕਸਰ 'ਤੇ ਮਿਤੀ 02-10-2024 ਨੂੰ ਧਾਰਾ 103(1), 190(3) ਤੇ ਧਾਰਾ 190 ਬੀ.ਐਨ.ਐਸ. ਹੇਠ ਮੁਕੱਦਮਾ ਨੰਬਰ 189 ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।
ਡਾ. ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਤਫਤੀਸ਼ ਵਿੱਚ ਇਹ ਪਤਾ ਚੱਲਿਆ ਹੈ ਕਿ ਕਤਲ ਕਰਨ ਵਾਲੇ ਵਿਅਕਤੀਆਂ ਨੇ ਇੱਕ ਗੈਂਗ ਬਣਾਇਆ ਹੋਇਆ ਸੀ ਅਤੇ ਇਹ ਵਿਅਕਤੀ ਸ਼ਹਿਰ ਮੰਡੀ ਗੋਬਿੰਦਗੜ੍ਹ, ਖੰਨਾ, ਖਰੜ, ਚੰਡੀਗੜ੍ਹ, ਦੋਰਾਹਾ, ਸਮਰਾਲਾ ਅਤੇ ਹੋਰਨਾ ਇਲਾਕਿਆਂ ਵਿੱਚੋਂ ਫਿਰੋਤੀਆਂ ਵਸੂਲਦੇ ਸਨ ਤੇ ਨਸ਼ਾ ਵੇਚਣ ਦਾ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਇਹ ਪਹਿਲਾਂ ਵੀ ਕਈ ਵਾਰ ਜੇਲ੍ਹ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਤਰਨਜੀਤ ਸਿੰਘ ਉਰਫ ਨੰਨੀ ਦੀ ਧੀਰਜ ਬੱਤਾ ਨਾਲ ਕਰੀਬ 05 ਸਾਲ ਪਹਿਲਾਂ ਦੋਸਤੀ ਹੋ ਗਈ ਸੀ। ਮ੍ਰਿਤਕ ਤਰਨਜੀਤ ਸਿੰਘ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਮੋਤੀਆ ਖਾਨ ਵਿੱਚ ਲੋਹੇ ਦੀ ਟਰੇਡਿੰਗ ਦਾ ਕੰਮ ਕਰਦਾ ਸੀ। ਮੁਲਜ਼ਮਾਂ ਨਾਲ ਇਸ ਦੀ ਦੋਸਤੀ ਹੋ ਗਈ ਸੀ ਤੇ ਇਹ ਅਕਸਰ ਉਸ ਦੇ ਦਫ਼ਤਰ ਵਿੱਚ ਆ ਕੇ ਬੈਠਦੇ ਸਨ। ਉਨ੍ਹਾਂ ਦੱਸਿਆ ਕਿ ਕਿਸੇ ਕਾਰਨ ਇਨ੍ਹਾਂ ਦੀ ਅਣਬਣ ਹੋ ਗਈ ਤੇ ਮ੍ਰਿਤਕ ਤਰਨਜੀਤ ਸਿੰਘ ਉਰਫ ਨੰਨੀ ਆਪਣਾ ਵੱਖਰਾ ਕੰਮ ਕਰਨ ਲੱਗ ਪਿਆ ਤੇ ਉਸ ਨੇ ਇਨ੍ਹਾਂ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਧੀਰਜ ਬੱਤਾ ਗੈਂਗ ਨੂੰ ਇਹ ਗੱਲ ਬਰਦਾਸ਼ਤ ਨਹੀਂ ਸੀ ਤੇ ਉਹ ਇਸ ਗੱਲ ਨੂੰ ਲੈ ਕੇ ਤਰਨਜੀਤ ਸਿੰਘ ਨਾਲ ਖਾਰ ਖਾਂਦੇ ਸਨ। ਉਨ੍ਹਾਂ ਦੱਸਿਆ ਕਿ ਦੋਹਾਂ ਧੜਿਆਂ ਵਿੱਚ ਹਾਲਾਤ ਤਣਾਅ ਪੂਰਨ ਰਹਿਣ ਲੱਗ ਪਏ ਕਿਉਂਕਿ ਧੀਰਜ ਬੱਤਾ ਨੂੰ ਇਹ ਖਦਸ਼ਾ ਸੀ ਕਿ ਤਰਨਜੀਤ ਸਿੰਘ ਨੰਨੀ ਕੋਈ ਹੋਰ ਵੱਡਾ ਗੈਂਗ ਨਾ ਬਣਾ ਲਵੇ। ਇਸ ਕਰਕੇ ਧੀਰਜ ਬੱਤਾ ਨੇ ਆਪਣੇ ਗੈਂਗ ਨਾਲ ਰਲ ਕੇ ਤਰਨਜੀਤ ਸਿੰਘ ਉਰਫ਼ ਨੰਨੀ ਨੂੰ ਕਤਲ ਕਰਨ ਦੀ ਸਾਜਿਸ਼ ਬਣਾਈ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੇ ਗੈਂਗ ਵੱਲੋਂ ਤਰਨਜੀਤ ਸਿੰਘ ਉਰਫ ਨੰਨੀ ਦੀ ਕਾਫੀ ਸਮੇਂ ਤੋਂ ਰੇਕੀ ਕੀਤੀ ਜਾ ਰਹੀ ਸੀ ਅਤੇ 2 ਅਕਤੂਬਰ ਨੂੰ ਪਿੰਡ ਬਦੀਨਪੁਰ ਵਿਖੇ ਉਸ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ 'ਤੇ ਐਸ.ਪੀ. (ਜਾਂਚ) ਸ਼੍ਰੀ ਰਾਕੇਸ਼ ਯਾਦਵ ਦੀ ਸੁਪਰਵੀਜ਼ਨ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵਿੱਚ ਸੀ.ਆਈ.ਏ. ਸਰਹਿੰਦ, ਮੰਡੀ ਗੋਬਿੰਦਗੜ੍ਹ ਅਤੇ ਤਕਨੀਕੀ ਸੈੱਲ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਐਸ.ਪੀ. (ਜਾਂਚ) ਅਤੇ ਡੀ.ਐਸ.ਪੀ ਅਮਲੋਹ ਸ਼੍ਰੀ ਗੁਰਦੀਪ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਨੇ ਦਿਨ ਰਾਤ ਕੰਮ ਕਰਕੇ ਕੇਸ ਦੀ ਤਫਤੀਸ਼ ਕਰਦੇ ਹੋਏ ਕੁੱਲ 04 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤ ਉਕਤ ਗੈਂਗ ਦੇ ਮੈਂਬਰ ਸੰਦੀਪ ਸਿੰਘ ਉਰਫ ਬਾਕਸਰ ਵਾਸੀ ਖੰਨਾ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਪੁਛਗਿੱਛ ਦੇ ਆਧਾਰ 'ਤੇ ਨੀਰਜ ਕੁਮਾਰ ਵਾਸੀ ਖੰਨਾ ਨੂੰ ਨਾਮਜ਼ਦ ਕੀਤਾ ਗਿਆ ਅਤੇ ਕਥਿਤ ਦੋਸ਼ੀ ਧੀਰਜ ਬੱਤਾ ਉਰਫ ਧੀਰੂ, ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲੜ ਤੇ ਨੀਰਜ ਕੁਮਾਰ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਹਥਿਆਰ ਇੱਕ ਦੇਸੀ ਪਿਸਟਲ, ਲੋਹੇ ਦੇ 02 ਦਾਹ ਤੇ ਇੱਕ ਕਾਰ ਸਕਾਰਪੀਓ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਕੇਸ ਵਿੱਚ ਕਥਿਤ ਦੋਸ਼ੀ ਅਮਰਜੀਤ ਸਿੰਘ ਉਰਫ ਭਲਵਾਨ ਨੂੰ ਨਾਮਜ਼ਦ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਜਿਸ ਵਿੱਚੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਧੀਰਜ ਬੱਤਾ ਉਰਫ ਧੀਰੂ ਦੇ ਖਿਲਾਫ ਪਹਿਲਾਂ ਹੀ 15, ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲੜ ਵਾਸੀ ਖੰਨਾ ਖਿਲਾਫ 12 ਤੇ ਸੰਦੀਪ ਸਿੰਘ ਉਰਫ ਬਾਕਸਰ ਵਾਸੀ ਖੰਨਾ, ਜ਼ਿਲ੍ਹਾ ਲੁਧਿਆਣਾ ਵਿਰੁੱਧ 08 ਕੇਸ ਦਰਜ ਹਨ।