ਪਟਿਆਲਾ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਟਿਆਲਾ ਦੇ ਪਿੰਡ ਦੌਣਕਲਾਂ ਵਿਖੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਕੈਂਪ ਤੇ ਨੁੱਕੜ ਨਾਟਕ ਕਰਵਾਇਆ ਗਿਆ, ਜਿਸ ਵਿੱਚ ਆਲੇ ਦੁਆਲੇ ਦੇ ਕਰੀਬ ਅੱਧਾ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਮੀਤ ਸਿੰਘ ਵੱਲੋਂ ਲਗਾਏ ਗਏ ਜਾਗਰੂਕਤਾ ਕੈਂਪ ਦੌਰਾਨ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਵਿੰਦਰਪਾਲ ਸਿੰਘ ਚੱਠਾ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ’ਉੱਨਤ ਕਿਸਾਨ’ ਐਪ ਦੀ ਵਰਤੋਂ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਮੌਕੇ ’ਤੇ ਹੀ ਐਪ ਕਿਸਾਨਾਂ ਦੇ ਮੋਬਾਈਲ ’ਤੇ ਅੱਪਲੋਡ ਕਰਕੇ ਦੱਸਿਆ ਕਿ ਕੋਈ ਵੀ ਕਿਸਾਨ ਇਸ ਐਪ ਦੀ ਵਰਤੋਂ ਨਾਲ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਦੀ ਮੰਗ ਕਰ ਸਕਦਾ ਹੈ।
ਕੈਂਪ ਦੌਰਾਨ ਮਾਹਰਾਂ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀ ਫ਼ਸਲ ਨੂੰ ਪੱਕਣ ਵਿੱਚ ਹਾਲੇ ਸਮਾਂ ਲੱਗਣਾ ਹੈ ਉਹ ਕਿਸਾਨ ਤੇਲੇ ਦੀ ਰੋਕਥਾਮ ਲਈ ਮਾਹਰਾਂ ਦੀ ਸਲਾਹ ਅਨੁਸਾਰ ਦਵਾਈਆਂ ਦੀ ਵਰਤੋਂ ਕਰਨ। ਇਸ ਮੌਕੇ ਉਨ੍ਹਾਂ ਹਲਦੀ ਰੋਗ ਦੀ ਸਮੱਸਿਆ ਨੂੰ ਖਤਮ ਕਰਨ ਸਬੰਧੀ ਉੱਲੀ ਨਾਸਕ ਦਵਾਈਆਂ ਦੀ ਸਿਫ਼ਾਰਿਸ਼ ਕੀਤੀ। ਇਸ ਮੌਕੇ ਪਿੰਡ ਦੌਣ ਕਲਾਂ ਸਹਿਕਾਰੀ ਸੁਸਾਇਟੀ ਵਿਖੇ ਉਪਲਬਧ ਮਸ਼ੀਨਰੀ ਸਬੰਧੀ ਤਕਨੀਕੀ ਨੁਕਤੇ ਸਾਂਝੇ ਕੀਤੇ ਗਏ। ਸਹਿਕਾਰੀ ਸਭਾ ਦੇ ਇੰਸਪੈਕਟਰ ਪਰਗਟਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਪਰਾਲੀ ਪ੍ਰਬੰਧਨ ਸਬੰਧੀ ਬੇਲਰ, ਸੁਪਰ ਸੀਡਰ ਆਦਿ ਦੀ ਵਰਤੋਂ ਕਰਨ। ਇਸ ਮੌਕੇ ਮਾਨਵ ਵਿਕਾਸ ਸੰਸਥਾਨ ਅਤੇ ਦਾ ਨੇਚਰ ਕੰਜ਼ਰਵੇਸ਼ਨ ਦੇ ਬੁਲਾਰਿਆਂ ਨੇ ਕਿਸਾਨਾਂ ਨੂੰ ਖੇਤ ਵਿੱਚ ਚੱਲਣ ਸਮੇਂ ਮਸ਼ੀਨਾਂ ਨੂੰ ਆਉਣ ਵਾਲੀਆਂ ਔਕੜਾਂ ਦਾ ਹੱਲ ਕੱਢਣ ਲਈ ਇੱਕ ਸੈਸ਼ਨ ਰੱਖਿਆ ਅਤੇ ਇਸ ਸੈਸ਼ਨ ਦੌਰਾਨ ਉਹਨਾਂ ਨੇ ਉਪਲਬਧ ਮਸ਼ੀਨਰੀ ਸਬੰਧੀ ਟੁੱਟ ਭੱਜ ਹੋਣ ਵੇਲੇ ਵਰਤੇ ਜਾਣ ਵਾਲੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਸਹਿਕਾਰੀ ਸਭਾ ਦੌਣ ਕਲਾ ਦੇ ਪਰਗਟ ਸਿੰਘ ਸਮੇਤ ਕਮੇਟੀ ਦੇ ਹੋਰ ਮੈਂਬਰ, ਪਿੰਡ ਆਲਮਪੁਰ, ਭਟੇੜੀ ਕਲਾਂ ਤੇ ਜਨੇੜੀਆਂ ਦੇ ਕਿਸਾਨਾਂ ਨੇ ਭਾਗ ਲਿਆ।