ਅਧੂਰੇ ਕਾਗ਼ਜ਼ਾਂ ਵਾਲੇ ਵਾਹਨਾਂ, ਓਵਰ ਲੋਡ, ਹਾਈਟ ਆਦਿ ਵਾਹਨਾਂ ਨੂੰ ਸ਼ਹਿਰ ਦੀਆਂ ਸੜ੍ਹਕਾਂ 'ਤੇ ਚਲਣ ਦੀ ਆਗਿਆ ਨਹੀਂ- ਆਰ.ਟੀ.ਓ
ਮਾਲੇਰਕੋਟਲਾ : ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਯੋਗ ਅਗਵਾਈ ਅਧੀਨ ਰਿਜਨਲ ਟਰਾਂਸਪੋਰਟ ਅਫ਼ਸਰ ਕਮ ਸਹਾਇਕ ਕਮਿਸ਼ਨਰ ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ ਨੇ ਵਿਸ਼ੇਸ ਚੈਕਿੰਗ ਮੁਹਿੰਮ ਆਰੰਭਕੇ ਅਧੂਰੇ ਕਾਗ਼ਜ਼ਾਂ ਵਾਲੇ ਵਾਹਨਾਂ, ਓਵਰ ਲੋਡਡ, ਓਵਰ ਹਾਈਟ (ਅਣਅਧਿਕਾਰਤ ਗੱਡੀ ਦੀ ਲੰਬਾਈ/ਚੋੜਾਈ) ਬਿਨਾ ਪਰਮਿਟ ਪ੍ਰਦੂਸ਼ਣ, ਵਾਹਨ ਦੇ ਦਸਤਾਵੇਜ਼ ਨਾ ਹੋਣ, ਡਰਾਈਵਿੰਗ ਲਾਇਸੈਂਸ, ਓਵਰ ਸਪੀਡ ਆਦਿ ਦੇ 35 ਕਮਰਸ਼ੀਅਲ ਵਾਹਨਾਂ ਦੇ 07 ਲੱਖ 50 ਹਜਾਰ ਰੁਪਏ ਦੇ ਚਲਾਨ ਕੀਤੇ। ਇਸ ਮੌਕੇ ਗੈਰ ਰਸਮੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦਾ ਪਾਲਣ ਕਰਨਾ ਸਾਡੇ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਹੈ। ਇਸ ਲਈ ਬੇਹੱਦ ਜ਼ਰੂਰੀ ਹੈ ਕਿ ਅਸੀ ਸੁਰੱਖਿਆ ਲਈ ਬਣਾਏ ਗਏ ਨਿਯਮਾਂ ਦੀ ਪਾਲਣਾ ਕਰੀਏ ਅਤੇ ਦੂਜਿਆ ਨੂੰ ਵੀ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕਰੀਏ। ਚਲਾਨ ਕੱਟਣ ਦਾ ਮਕਸਦ ਕੇਵਲ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਅਹਿਸਾਸ ਕਰਵਾਉਣਾ ਹੈ ਤਾਂ ਜੋ ਉਹ ਭਵਿੱਖ ਵਿੱਚ ਅਜਿਹਾ ਨਾ ਕਰਨ। ਉਨ੍ਹਾਂ ਹੋਰ ਕਿਹਾ ਕਿ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਇਸ ਮੌਕੇ ਉਨ੍ਹਾਂ ਵਾਹਨ ਚਾਲਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਵਾਹਨਾਂ ਤੇ ਰਿਫ਼ਲੈਕਟਰ ਜ਼ਰੂਰ ਲਗਾਉਣ ਤਾਂ ਜੋ ਰਾਤ ਦੇ ਸਮੇਂ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਹੋਰ ਵਾਹਨ ਚਾਲਕਾਂ ਨੂੰ ਹੋਰ ਕਿਹਾ ਕਿ ਉਹ ਅਨੀਂਦਰੇ, ਸਰਾਬ ਆਦਿ ਦੇ ਨਸਾ ਕਰਕੇ ਵਾਹਨ ਚਲਾਉਂਣ ਤੋਂ ਗੁਰੇਜ ਕਰਨ। ਉਨ੍ਹਾਂ ਦੀ ਛੋਟੀ ਵੀ ਅਣਗਹਿਲੀ ਕਿਸੇ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਇਸ ਲਈ ਨਸ਼ੇ ਦੀ ਹਾਲਤ ਵਿੱਚ ਕਦੇ ਵੀ ਡਰਾਈਵਿੰਗ ਨਾ ਕਰਨ। ਉਨ੍ਹਾਂ ਆਮ ਜਨਤਾ ਅਪੀਲ ਕੀਤੀ ਕਿ ਜੇਕਰ ਜ਼ਿਲ੍ਹੇ ਦੀ ਸੜਕਾਂ ਉੱਤੇ ਕੋਈ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੋਇਆਂ ਕਿਸੇ ਵੀ ਪ੍ਰਕਾਰ ਦਾ ਵਾਹਨ ਨਜ਼ਰ ਆਉਂਦਾ ਹੈ ਤਾਂ ਉਸ ਦੀ ਜਾਣਕਾਰੀ ਆਰ.ਟੀ.ਓ. ਦਫ਼ਤਰ ਵਿਖੇ ਦੇ ਸਕਦੇ ਹਨ ਅਤੇ ਉਨ੍ਹਾਂ ਦਾ ਨਾਮ ਗੁਪਤ ਰੱਖਿਆ ਜਾਵੇਗਾ।