ਮਾਲੇਰਕੋਟਲਾ : ਪਾਵਰਕਾਮ ਅਤੇ ਟਰਾਂਸਕੋ ਦੇ ਸੇਵਾ ਮੁਕਤ ਕਰਮਚਾਰੀਆਂ ਦੀ ਜੱਥੇਬੰਦੀ ਪੈਨਸ਼ਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਵੱਲੋਂ ਅੱਜ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਪ੍ਰਤੀ ਧਾਰਨ ਕੀਤੇ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਸ਼੍ਰੀ ਜਰਨੈਲ ਸਿੰਘ ਪੰਜਗਰਾਈਆਂ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਮੀਟਿੰਗ ਵਿੱਚ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਪਿਆਰਾ ਲਾਲ, ਪਰਮਜੀਤ ਸ਼ਰਮਾ ਸਕੱਤਰ, ਅਵਿਨਾਸ਼ ਚੋਪੜਾ, ਬਸ਼ੀਰ ਉਲ ਹੱਕ, ਗੁਰਦਿਆਲ ਸਿੰਘ ਚੀਮਾ, ਗੋਬਿੰਦ ਕਾਂਤ, ਅਨਵਾਰ ਅਹਿਮਦ ਅਤੇ ਹਰਮਿੰਦਰ ਕੁਮਾਰ, ਹਰਬੰਸ ਲਾਲ ਨੇ ਸੰਬੋਧਿਤ ਕੀਤਾ। ਬੁਲਾਰਿਆਂ ਨੇ ਮੰਗ ਕੀਤੀ ਕਿ ਮੁਲਾਜ਼ਮ ਅਤੇ ਪੈਨਸ਼ਰਾਂ ਨਾਲ ਸੁਖਾਵੇਂ ਸਬੰਧ ਸਥਾਪਤ ਕਰਨ ਲਈ ਸਾਰੇ ਮਿਤੀ 31-12-2015 ਤੋਂ ਪਹਿਲਾਂ ਰਿਟਾਇਰ ਹੋਏ ਕਰਮਚਾਰੀਆਂ ਨੂੰ 2.59 ਦੇ ਫੈਕਟਰ ਨਾਲ ਸੋਧੀ ਹੋਈ ਪੈਨਸ਼ਨ ਦਿੱਤੀ ਜਾਵੇ ਪੇ-ਸਕੇਲਾਂ ਦਾ ਪਿਛਲੇ ਸਾਢੇ ਪੰਜ ਸਾਲ ਦਾ ਬਕਾਇਆ ਅਤੇ 12 ਪ੍ਰਤੀਸ਼ਤ ਮਹਿੰਗਾਈ ਭੱਤੇ ਦੀਆਂ ਸਾਰੀਆਂ ਬਕਾਇਆ ਰਹਿੰਦੀਆਂ ਕਿਸ਼ਤਾਂ ਸਮੇਤ ਮਹਿੰਗਾਈ ਭੱਤੇ ਬਕਾਇਆ ਜਾਰੀ ਕੀਤਾ ਜਾਵੇ। ਮਿਤੀ 22-10-2024 ਨੂੰ ਪੰਜਾਬ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮੋਹਾਲੀ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਰੈਲੀ ਵਿੱਚ ਮਾਲੇਰਕੋਟਲਾ ਮੰਡਲ ਦੇ ਪੈਨਸ਼ਨਰਜ਼ ਸਾਥੀਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਮਾਲੇਰਕੋਟਲਾ ਮੰਡਲ ਨੂੰ ਜੱਥੇਬੰਦੀ ਵੱਲੋਂ ਰੁਕੇ ਹੋਏ ਕੰਮਾਂ ਬਾਬਤ ਸਰਕੂਲਰ 23/19 ਅਤੇ 01-01-2016 ਤੋਂ ਪੈਨਸ਼ਨਰਾਂ ਦੀ ਪੇ-ਰਵੀਜ਼ਨ ਦੇ ਕੇਸਾਂ ਬਾਬਤ ਬਾਰ-ਬਾਰ ਪੱਤਰ ਲਿਖਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਸ਼ਲਾਘਾਯੋਗ ਕਾਰਵਾਈ ਨਹੀਂ ਕੀਤੀ ਗਈ ਪੈਨਸ਼ਨਰ ਸਾਥੀਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਕੇਸਾਂ ਦਾ ਨਿਪਟਾਰਾ ਤੁਰੰਤ ਨਾ ਕੀਤਾ ਗਿਆ ਤਾਂ ਜੱਥੇਬੰਦੀ ਵੱਲੋਂ ਐਕਸੀਅਨ ਦਫ਼ਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਮਹਿਕਮੇ ਦੀ ਹੋਵੇਗੀ। ਸਟੇਜ ਸਕੱਤਰ ਦੀ ਸਾਰੀ ਜ਼ਿੰਮੇਵਾਰੀ ਪਰਮਜੀਤ ਸ਼ਰਮਾ ਨੇ ਨਿਭਾਈ।