ਸੁਨਾਮ : ਸੁਨਾਮ ਨੇੜਲੇ ਪਿੰਡ ਰਟੋਲਾਂ ਵਿਖੇ ਜਨਰਲ ਔਰਤਾਂ ਲਈ ਰਾਖਵੀਂ ਸਰਪੰਚੀ ਦੀ ਚੋਣ ਮੁਕਾਬਲੇ ਵਿੱਚ ਖੜੀਆਂ ਤਿੰਨ ਮਹਿਲਾ ਉਮੀਦਵਾਰਾਂ ਦੇ ਵਕਾਰ ਦਾ ਸਵਾਲ ਬਣੀ ਹੋਈ ਹੈ। ਸਰਪੰਚ ਦੀ ਚੋਣ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਮੁਕਾਬਲੇ ਵਿੱਚ ਨਿੱਤਰੇ ਤਿੰਨੋਂ ਪਰੀਵਾਰਾਂ ਦਾ ਪਿੰਡ ਵਿੱਚ ਆਪਣਾ ਆਪਣਾ ਚੰਗਾ ਅਸਰ ਰਸੂਖ ਦੱਸਿਆ ਜਾ ਰਿਹਾ ਹੈ। ਇਸ ਕਾਰਨ ਤਿੰਨਾਂ ਵਿੱਚੋਂ ਹੀ ਫਸਵਾਂ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਸਰਪੰਚੀ ਦੀ ਚੋਣ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਸਾਰਿਆਂ ਨੇ ਹੀ ਵੋਟਰਾਂ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਲਈ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ। ਪਿੰਡ ਰਟੋਲਾਂ ਦੇ ਕੁੱਲ 1463 ਵੋਟਰ ਹਨ। ਇਸ ਚੋਣ ਵਿੱਚ ਮਲਕੀਤ ਕੌਰ ਪਤਨੀ ਦਰਬਾਰਾ ਸਿੰਘ, ਰੁਪਿੰਦਰ ਕੌਰ ਪਤਨੀ ਗੁਰਸੇਵਕ ਸਿੰਘ ਅਤੇ ਜਸਵੰਤ ਕੌਰ ਪਤਨੀ ਸੁਖਵੰਤ ਸਿੰਘ ਆਪਣੀ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਚੋਣ ਮੈਦਾਨ ਵਿੱਚ ਬੇਸ਼ੱਕ ਔਰਤਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਲੇਕਿਨ ਚੋਣ ਪ੍ਰਚਾਰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕੀਤਾ ਜਾ ਰਿਹਾ ਹੈ। ਪਿੰਡ ਵਿੱਚ ਘਰ ਘਰ ਵੋਟਾਂ ਮੰਗਣ ਵੇਲੇ ਉਮੀਦਵਾਰ ਖੁਦ ਵੀ ਚੋਣ ਮੁਹਿੰਮ ਦਾ ਹਿੱਸਾ ਬਣ ਰਹੀਆਂ ਹਨ। ਚੋਣ ਮੈਦਾਨ ਵਿੱਚ ਨਿੱਤਰੇ ਉਮੀਦਵਾਰਾਂ ਵੱਲੋਂ ਪਿੰਡ ਦੇ ਵਿਕਾਸ ਨੂੰ ਚੋਣ ਏਜੰਡਾ ਬਣਾਇਆ ਗਿਆ ਹੈ। ਪਿੰਡ ਦੇ ਅਧੂਰੇ ਰਹਿ ਗਏ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਦੀ ਗੱਲ ਆਖੀ ਜਾ ਰਹੀ ਹੈ। ਵੋਟਰ ਕਿਸਦੇ ਹੱਕ ਵਿੱਚ ਫਤਵਾ ਦੇਣਗੇ, ਇਹ 15 ਅਕਤੂਬਰ ਨੂੰ ਹੀ ਪਤਾ ਲੱਗੇਗਾ। ਇਸ ਤੋਂ ਇਲਾਵਾ ਪਿੰਡ ਦੇ ਕੁੱਲ -7-ਵਾਰਡ ਹਨ ਜਿਨ੍ਹਾਂ ਵਿਚੋਂ -4-ਵਿੱਚ ਸਰਬਸੰਮਤੀ ਹੋ ਗਈ ਹੈ। ਇਨ੍ਹਾਂ ਵਿਚੋਂ ਵਾਰਡ ਨੰ, -1- ਚੋਂ ਪਰਮਜੀਤ ਕੌਰ, ਵਾਰਡ ਨੰਬਰ 3-ਤੋਂ ਗੁਰਵਿੰਦਰ ਸਿੰਘ, ਵਾਰਡ ਨੰਬਰ 4 ਤੋਂ ਜਸਵੰਤ ਸਿੰਘ, ਵਾਰਡ ਨੰਬਰ 6-ਤੋਂ ਗੁਰਮੀਤ ਕੌਰ ਬਿਨਾਂ ਮੁਕਾਬਲੇ ਚੁਣੇ ਗਏ ਹਨ ਅਤੇ ਬਾਕੀ ਦੇ ਤਿੰਨ ਵਾਰਡਾਂ ਨੰਬਰ 2---5---7-ਵਿੱਚ ਪੰਚੀ ਲਈ ਮੁਕਾਬਲਾ ਹੋਵੇਗਾ।