ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀ. ਈ. ਈ.), ਜਰਮਨ ਡਿਵੈਲਪਮੈਂਟ ਕੋ-ਅਪਰੇਸ਼ਨ (ਗਿਜ਼) ਅਤੇ ਪੇਡਾ ਐੱਮ. ਐੱਮ. ਈ. ਸੈੱਲ ਵੱਲੋਂ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਉਦਯੋਗਿਕ ਖੇਤਰ ਵਿੱਚ ਵਰਤੀ ਜਾਣ ਵਾਲ਼ੀ ਊਰਜਾ ਦੀ ਸਮਰਥਾ ਅਤੇ ਸਥਿਤੀ ਵਿੱਚ ਸੁਧਾਰ ਕੀਤੇ ਜਾਣ ਅਤੇ ਕਾਰਬਨ ਨਿਕਾਸੀ ਨੂੰ ਸੀਮਿਤ ਕਰਨ ਦੇ ਵਿਸ਼ੇ ਨਾਲ਼ ਸੰਬੰਧਤ ਸੀ।
ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿਖੇ ਕਰਵਾਏ ਇਸ ਪ੍ਰੋਗਰਾਮ ਦੌਰਾਨ ਸਵਾਗਤੀ ਸ਼ਬਦ ਬੋਲਦਿਆਂ ਵਿਭਾਗ ਮੁਖੀ ਡਾ. ਬਲਰਾਜ ਸਿੰਘ ਸੈਣੀ ਨੇ ਦੱਸਿਆ ਕਿ ਇਹ ਆਪਣੀ ਕਿਸਮ ਦਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਹੈ ਜਿੱਥੇ 'ਡਿਜੀ-ਟਵਿਨ' ਵਿਧੀ ਰਾਹੀਂ ਸਿਖਲਾਈ ਦਿੱਤੀ ਗਈ। ਇਸ ਵਿਧੀ ਰਾਹੀਂ ਇਨ੍ਹਾਂ ਅਦਾਰਿਆਂ ਵੱਲੋਂ ਵਿਸ਼ੇਸ਼ ਉਪਕਰਣਾਂ ਰਾਹੀਂ ਅਸਲ ਵਰਗਾ ਅਨੁਭਵ ਕਰਵਾਇਆ ਜਾਂਦਾ ਹੈ ਤਾਂ ਕਿ ਸਥਿਤੀ ਨੂੰ ਬਿਹਤਰ ਢੰਗ ਨਾਲ਼ ਸਮਝਿਆ ਜਾ ਸਕੇ। ਅਜਿਹਾ ਹੋਣ ਦਾ ਲਾਭ ਇਹ ਹੈ ਕਿ ਊਰਜਾ ਸਮਰਥਾ ਅਤੇ ਕਾਰਬਨ ਨਿਕਾਸੀ ਜਿਹੇ ਵਿਸ਼ਿਆਂ ਬਾਰੇ ਬਿਹਤਰ ਤਰੀਕੇ ਨਾਲ਼ ਵਿਸ਼ਲੇਸ਼ਣ ਕਰਵਾ ਕੇ ਪ੍ਰਭਾਵਸ਼ਾਲੀ ਢੰਗ ਨਾਲ਼ ਕੰਮ ਕੀਤਾ ਜਾ ਸਕਦਾ ਹੈ।
ਪੇਡਾ ਤੋਂ ਪੁੱਜੇ ਪ੍ਰਾਜੈਕਟ ਇੰਜਨੀਅਰ ਇੰਜੀ. ਰੋਹਿਤ ਕੁਮਾਰ, ਜੋ ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਸਾਬਕਾ ਵਿਦਿਆਰਥੀ ਹਨ, ਵੱਲੋਂ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕਰਦਿਆਂ ਵਿਸ਼ੇ ਦੀ ਅਹਿਮੀਅਤ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਇਸ ਦਿਸ਼ਾ ਵਿੱਚ ਕਿਸ ਕਿਸਮ ਦੇ ਕਦਮ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਲੋੜ ਹੈ ਤਾਂ ਕਿ ਸਮੂਹ ਸੰਬੰਧਤਾਂ ਨੂੰ ਉਦਯੋਗਿਕ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਊਰਜਾ ਦੇ ਸਕਾਰਾਤਮ ਸਰੋਤਾਂ ਦੀ ਵਰਤੋਂ ਬਾਰੇ ਸੁਚੇਤ ਕੀਤਾ ਜਾ ਸਕੇ। ਜਰਮਨ ਡਿਵੈਲਪਮੈਂਟ ਕੋ-ਅਪਰੇਸ਼ਨ ਤੋਂ ਪ੍ਰਜੈਕਟ ਹੈੱਡ ਸ੍ਰੀ ਨਿਤਿਨ ਜੈਨ ਨੇ ਆਪਣੀ ਸੰਸਥਾ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ।
ਚੇਨਈ ਤੋਂ ਪੁੱਜੇ ਨੈਸ਼ਨਲ ਪ੍ਰੋਡਕਟੀਵਿਟੀ ਕੌਂਸਲ ਦੇ ਡਾਇਰੈਕਟਰ ਸ੍ਰੀ ਐੱਮ. ਨਟਰਾਜਨ, ਨੈਸ਼ਨਲ ਪ੍ਰੋਡਕਟੀਵਿਟੀ ਕੌਂਸਲ ਤੋਂ ਡਾਇਰੈਕਟਰ ਐਨਰਜੀ ਮੈਨੇਜਮੈਂਟ ਸ੍ਰੀ ਆਨੰਦ ਵਰਮਾ ਅਤੇ ਸ੍ਰੀ ਜੋਇਲ ਫਰੈਂਕਲਿਨ ਅਸਾਰੀਆ ਨੇ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਡਿਜੀ-ਟਵਿਨ ਤਕਨੀਕ ਦਾ ਲਾਈਵ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਬੜੇ ਰੌਚਕ ਤਰੀਕੇ ਨਾਲ ਇਸ ਵਿਧੀ ਦੇ ਵੱਖ-ਵੱਖ ਤੱਥਾਂ ਤੋਂ ਜਾਣੂ ਕਰਵਾਇਆ। ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੌਰਾਨ ਮੰਚ ਸੰਚਾਲਨ ਦਾ ਕਾਰਜ ਡਾ. ਆਰ. ਐੱਲ. ਵਿਰਦੀ ਦੁਆਰਾ ਕੀਤਾ ਗਿਆ।