ਅੱਜ ਏਥੇ ਪੰਜਾਬੀ ਯੂਨੀਵਰਸਿਟੀ ਦੇ ਡੈਮੋਕਰੇਟਿਕ ਟੀਚਰਜ਼ ਕੌਂਸਲ (ਡੀ.ਟੀ.ਸੀ.) ਗਰੁੱਪ ਦੇ ਅਧਿਆਪਕਾਂ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ । ਗਰੁੱਪ ਦੇ ਕਨਵੀਨਰ ਡਾ. ਨਿਸ਼ਾਨ ਸਿੰਘ ਦਿਉਲ ਨੇ ਕਿਹਾ ਕਿ ਮਹੀਨੇ ਦੀ ਦਸ ਤਰੀਕ ਲੰਘ ਗਈ ਹੈ ਪਰ ਪੰਜਾਬੀ ਯੂਨੀਵਰਸਿਟੀ ਦਾ ਪ੍ਰਸ਼ਾਸ਼ਨ ਤਨਖਾਹਾਂ ਨਹੀਂ ਪਾ ਰਿਹਾ ਹੈ। ਜਦੋਂ ਕਿ ਇਹ ਮਹੀਨਾ ਤਿਓਹਾਰਾਂ ਦਾ ਮਹੀਨਾ ਹੈ, ਜਿਸ ਦਾ ਪ੍ਰਸ਼ਾਸਨ ਨੂੰ ਭੋਰਾ ਵੀ ਫਿਕਰ ਨਹੀਂ । ਅਧਿਆਪਕਾਂ ਦੀ ਤਰੱਕੀ ਬਹੁਤ ਲੰਮੇ ਸਮੇਂ ਤੋਂ ਪੈਂਡਿੰਗ ਹੈ, ਸੋ ਇਹਨਾ ਸਾਰੇ ਅਧਿਆਪਕਾਂ ਦੀ 31S ਅਧੀਨ ਇੰਟਰਵਿਊ ਜਲਦ ਤੋਂ ਜਲਦ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸੇ ਤਰਾਂ ਅਧਿਆਪਕਾਂ ਦੇ ਨਵੇਂ ਪੇ ਸਕੇਲਾਂ ਦੇ ਏਰੀਅਰ/ਸਟੈਪ-ਅੱਪ ਦੇ ਏਰੀਅਰ ਬਹੁਤ ਲੰਮੇ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ ਉਹ ਤੁਰੰਤ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਬਹੁਤ ਸਾਰੇ ਅਧਿਆਪਕਾਂ ਦੇ ਮੈਡੀਕਲ ਰੀਂਬਰਸਮੈਂਟ ਬਿੱਲਾਂ ਦੀ ਅਦਾਇਗੀ ਨਾ ਕੀਤੇ ਜਾਣ ਦਾ ਮਸਲਾ ਵੀ ਉਠਾਇਆ ਗਿਆ। ਪੂਟਾ ਦੇ ਕਾਰਜਕਾਰੀ ਮੈਂਬਰ ਡਾ. ਗੌਰਵਦੀਪ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਵਾਈਸ ਚਾਂਸਲਰ ਦੇ ਨਾ ਹੋਣ ਕਰਕੇ ਪ੍ਰਸ਼ਾਸਨਿਕ ਸਥਿਤੀ ਕਾਫੀ ਖਰਾਬ ਹੈ, ਮੁਲਾਜ਼ਮਾਂ ਦੀਆਂ ਫਾਈਲਾਂ ਮਹੀਨਿਆਂ ਬੰਦੀ ਪੈਂਡਿੰਗ ਪਈਆਂ ਹਨ ਤੇ ਜ਼ਰੂਰੀ ਕੰਮਾਂ ਕਰਕੇ ਅਧਿਆਪਕਾਂ ਨੂੰ ਬਹੁਤ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਸੋ ਯੂਨੀਵਰਸਿਟੀ ਦਾ ਪ੍ਰਸਾਸ਼ਨਿਕ ਤੇ ਅਕਾਦਮਿਕ ਮਹੌਲ ਠੀਕ ਕਰਨ ਲਈ ਯੂਨੀਵਰਸਿਟੀ ਵਿਖੇ ਪੱਕਾ ਵਾਈਸ-ਚਾਂਸਲਰ ਤੁਰੰਤ ਲਾਏ ਜਾਣ ਦੀ ਮੰਗ ਕੀਤੀ ਗਈ ਹੈ। ਇੰਜ ਸੁਖਜਿੰਦਰ ਬੁੱਟਰ ਨੇ ਰੋਸ ਜਿਤਾਇਆ ਕਿ 30 ਕਰੋੜ ਮਹੀਨੇ ਦੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਦੇ ਬਾਵਜੂਦ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਮਹੀਨੇ ਦੇ ਦਸ ਦਿਨ ਲੰਘਣ ਦੇ ਬਾਵਜੂਦ ਵੀ ਤਨਖਾਹ ਨਹੀਂ ਦਿੱਤੀ ਗਈ। ਡੀ.ਟੀ.ਸੀ ਗਰੁੱਪ ਦੇ ਅਧਿਆਪਕਾਂ ਵਿੱਚੋਂ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੱਕੇ ਵਾਈਸ-ਚਾਂਸਲਰ ਦੀ ਨਿਯੁਕਤੀ ਨਹੀਂ ਹੁੰਦੀ ਤਾਂ ਕਾਰਜਕਾਰੀ ਵਾਈਸ-ਚਾਂਸਲਰ ਦੀ ਯੂਨੀਵਰਸਿਟੀ ਕੈਂਪਸ ਵਿਖੇ ਹਾਜ਼ਰੀ ਹਫਤੇ ਵਿਚ 2 ਵਾਰੀ ਯਕੀਨੀ ਬਣਾਈ ਜਾਵੇ। ਇਸ ਸਬੰਧੀ ਪਹਿਲਾਂ ਵੀ ਸਰਕਾਰ ਨੂੰ ਚਿਠੀ ਪੱਤਰ ਰਾਹੀਂ ਸੂਚਿਤ ਕੀਤਾ ਗਿਆ ਹੈ ਪਰ ਅਫਸੋਸ ਕੋਈ ਕਾਰਵਾਈ ਨਹੀਂ ਕੀਤੀ ਗਈ । ਅਧਿਆਪਕਾਂ ਨੇ ਕਿਹਾ ਕਿ ਜੇ ਜਲਦੀ ਹੀ ਤਨਖਾਹ ਨਹੀਂ ਪਾਈ ਜਾਂਦੀ ਅਤੇ ਬਾਕੀ ਮੰਗਾਂ ਉੱਤੇ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹਨਾਂ ਨੂੰ ਸੰਘਰਸ਼ ਦੀ ਦਰੀਆਂ ਵਿਛਾਉਣ ਲਈ ਤਿਆਰੀ ਕਰਨੀ ਪਵੇਗੀ ਅਤੇ ਇਸ ਲਈ ਅਧਿਆਪਕਾਂ ਨੂੰ ਲਾਮਬੰਦੀ ਕਰਨ ਦੀ ਵੀ ਗੱਲ ਇਸ ਮੀਟਿੰਗ ਵਿੱਚ ਕੀਤੀ ਗਈ। ਇਸ ਮੌਕੇ ਡਾ ਜਸਦੀਪ ਸਿੰਘ ਤੂਰ ਅਤੇ ਅਮਰਪ੍ਰੀਤ ਸਿੰਘ ਵੀ ਹਾਜ਼ਿਰ ਸਨ ।