ਰਾਮਪੁਰਾ ਫੂਲ : ਪੰਜਾਬ ਕਿਸਾਨ ਯੂਨੀਅਨ ਦੀ ਮਹੀਨਾਵਾਰ ਜ਼ਿਲ੍ਹਾ ਮੀਟਿੰਗ ਕਲਗੀਧਰ ਗੁਰਦੁਆਰਾ ਸਾਹਿਬ ਰਾਮਪੁਰਾ ਵਿਖੇ ਹੋਈ ਜਿਸ ਵਿੱਚ ਕਿਸਾਨੀ ਦੀਆਂ ਸਮੱਸਿਆਂਵਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਉਸ ਵਿੱਚ ਮੁੱਖ ਤੌਰ ਤੇ ਪਰਾਲੀ ਸਬੰਧੀ ਵੱਖ ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ, ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਰਾਈਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪੰਜਾਬ ਸਰਕਾਰ ਮਸ਼ੀਨਰੀ ਮੁਹੱਈਆ ਕਰਵਾਵੇ ਕਿਉਂਕਿ ਏਨੀ ਮਹਿੰਗੀ ਮਸ਼ੀਨਰੀ ਖਰੀਦਣੀ ਉਹਨਾਂ ਦੇ ਬੱਸ ਦੀ ਗੱਲ ਨਹੀਂ, ਛੋਟੀ ਕਿਸਾਨੀ ਪਹਿਲਾਂ ਤੋਂ ਹੀ ਕਰਜ਼ੇ ਦੀ ਦਲ ਦਲ ਵਿੱਚ ਬੁਰੀ ਤਰਾੰ ਫਸੀ ਹੋਈ ਹੈ। ਉਸ ਨੂੰ ਇਸ ਜੰਜਾਲ ਵਿਚੋਂ ਕੱਢਣ ਲਈ ਪੰਜਾਬ ਸਰਕਾਰ ਨੂੰ ਕੀਟਨਾਸ਼ਕ ,ਰੇਹਾਂ, ਸਪਰੇਹਾਂ, ਸੁਧਰੇ ਹੋਏ ਬੀਜ ਸਸਤੀਆਂ ਦਰਾਂ ਤੇ ਮੁਹੱਈਆ ਕਰਵਾਵੇ। ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਤੇਜ ਮਹਿਰਾਜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਨੂੰ ਰਹਿੰਦੇ ਸਮੇਂ ਬਚਾਉਣ ਲਈ ਪੰਜਾਬ ਤੇ ਕੇਂਦਰ ਸਰਕਾਰ ਕੋਸ਼ਿਸ਼ ਕਰਨ, ਘੱਟ ਪਾਣੀ ਖਪਤ ਵਾਲੀਆਂ ਫਸਲਾਂ ਤੇ ਐਮਐਸਪੀ ਦਿੱਤੀ ਜਾਵੇ ਕਣਕ ਅਤੇ ਝੋਨੇ ਦੇ ਚੱਕਰ ਦੇ ਵਿੱਚੋਂ ਪੰਜਾਬ ਦੀ ਕਿਸਾਨੀ ਨੂੰ ਕੱਢਿਆ ਜਾਵੇ,ਇਸ ਤੋਂ ਪਹਿਲਾਂ ਕਿ ਪੰਜਾਬ ਮਾਰੂਥਲ ਵਿੱਚ ਬਦਲ ਜਾਵੇ। ਜਥੇਬੰਦੀ ਨੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਅਪੀਲ ਕੀਤੀ ਹੈ ਕਿ ਆਪਸੀ ਭਾਈਚਾਰਕ ਸਾਂਝ ਨੂੰ ਪ੍ਰਫੁੱਲਤ ਰੱਖਣਾ, ਧੜੇਬੰਦੀ ਤੋਂ ਉੱਪਰ ਉੱਠ ਕੇ ਪੜ੍ਹੇ ਲਿਖੇ ਇਮਾਨਦਾਰ ਸੂਝਵਾਨ ਆਗੂਆਂ ਦੀ ਚੋਣ ਕੀਤੀ ਜਾਵੇ।ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਰੰਧਾਵਾ ਬਲਿਆਂਵਾਲੀ, ਮੀਤ ਪ੍ਰਧਾਨ ਹਰਦਿਆਲ ਸਿੰਘ ਰਾਈਆ, ਗੁਰਜੀਤ ਸਿੰਘ ਫੂਲ, ਪਪਜੀਤ ਮਹਿਰਾਜ, ਸੰਦੀਪ ਮਹਿਰਾਜ, ਜੁਗਰਾਜ ਸਿੰਘ ਸਰਪੰਚ ਦੌਲਤਪੁਰਾ, ਕੁਲਦੀਪ ਸਿੰਘ ਢਪਾਲੀ, ਬਲਵੀਰ ਸਿੰਘ ਰਾਈਆ ਰਾਈਆ ਆਦਿ ਸ਼ਾਮਲ ਸਨ।