ਸੁਨਾਮ : ਕਾਮਨਵੈਲਥ ਖੇਡਾਂ 2022 ਵਿੱਚ ਤਾਂਬੇ ਦਾ ਮੈਡਲ ਜੇਤੂ ਪੰਜਾਬ ਦੀ ਮਾਣਮੱਤੀ ਧੀ ਹਰਜਿੰਦਰ ਕੌਰ ਨੇ ਹਿਮਾਚਲ ਪ੍ਰਦੇਸ਼ ਵਿਖੇ ਹੋਈ ਸੀਨੀਅਰ ਨੈਸ਼ਨਲ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕਰਦੇ ਹੋਏ ਸੋਨ ਤਗਮਾ ਜਿੱਤਿਆ ਇਹ ਪੰਜਾਬ ਦੇ ਲਈ ਮਾਣ ਦੀ ਗੱਲ ਹੈ। ਨਵਾਂ ਕੀਰਤੀਮਾਨ ਸਥਾਪਿਤ ਕਰਨ ਵਾਲ਼ੀ ਹਰਜਿੰਦਰ ਕੌਰ ਇਸ ਸਮੇਂ ਸੁਨਾਮ ਦੇ ਵੇਟ ਲਿਫਟਿੰਗ ਟ੍ਰੇਨਿੰਗ ਸੈਂਟਰ ਵਿਖੇ ਕੋਚ ਜਸਪਾਲ ਸਿੰਘ ਕੋਲ ਟ੍ਰੇਨਿੰਗ ਕਰ ਰਹੀ ਹੈ। ਇਹ ਪ੍ਰਾਪਤੀ ਸੁਨਾਮ ਸ਼ਹਿਰ ਲਈ ਵੀ ਖੁਸ਼ੀ ਦੀ ਖਬਰ ਹੈ। ਇਸ ਚੈਂਪੀਅਨਸ਼ਿਪ ਵਿੱਚ ਹਰਜਿੰਦਰ ਨੇ ਆਪਣੇ ਭਾਰ ਵਰਗ 71 ਕਿਲੋਗ੍ਰਾਮ ਅੰਦਰ 125 ਕਿਲੋਗ੍ਰਾਮ ਕਲੀਨ ਐਂਡ ਜਰਕ ਅਤੇ 98 ਕਿਲੋਗ੍ਰਾਮ ਸਨੈਚ ਨਾਲ ਕੁੱਲ 225 ਕਿਲੋਗ੍ਰਾਮ ਭਾਰ ਚੁੱਕਿਆ ਇਹ ਜਾਣਕਾਰੀ ਦਿੰਦਿਆਂ ਮਨਦੀਪ ਸਿੰਘ ਡੀ ਪੀ ਈ ਅਤੇ ਖੇਡ ਲੇਖਕ ਨੇ ਦੱਸਿਆ ਕਿ ਹਰਜਿੰਦਰ ਲਗਾਤਾਰ ਮਿਹਨਤ ਕਰਦੇ ਹੋਏ ਪੰਜਾਬ ਦਾ ਨਾਮ ਰੌਸ਼ਨ ਕਰ ਰਹੀ ਹੈ ਉਮੀਦ ਹੈ ਕਿ ਆਉਣ ਵਾਲੇ ਸਮੇਂ ਅੰਦਰ ਉਹ ਅੰਤਰਰਾਸ਼ਟਰੀ ਪੱਧਰ ਤੇ ਹੋਰ ਮਾਅਰਕੇ ਮਾਰੇਗੀ। ਵੇਟ ਲਿਫਟਿੰਗ ਕੋਚ ਜਸਪਾਲ ਸਿੰਘ ਥਿੰਦ ਨੇ ਦੱਸਿਆ ਕਿ ਟ੍ਰੇਨਿੰਗ ਸੈਂਟਰ ਵਿੱਚ ਸਿਖਲਾਈ ਹਾਸਲ ਕਰਕੇ ਮੁੰਡੇ ਅਤੇ ਕੁੜੀਆਂ ਮੈਡਲ ਜਿੱਤਣ ਵਿੱਚ ਸਫਲ ਹੋ ਰਹੇ ਹਨ ਅਤੇ ਭਵਿੱਖ ਵਿੱਚ ਕੌਮਾਂਤਰੀ ਪੱਧਰ ਤੇ ਮੱਲਾਂ ਮਾਰਕੇ ਪੰਜਾਬ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕਰਨਗੇ।