ਸੁਨਾਮ : ਸੁਨਾਮ ਬਲਾਕ ਦੀਆਂ 52 ਪੰਚਾਇਤਾਂ ਦੇ ਸਰਪੰਚ ਅਤੇ ਪੰਚ ਚੁਣਨ ਲਈ ਹੋਈ ਪੋਲਿੰਗ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਵੋਟਰ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਬੂਥਾਂ ਦੇ ਬਾਹਰ ਲਾਈਨਾਂ ਲਾਕੇ ਖੜ੍ਹੇ ਹੋਏ ਸਨ, ਲੇਕਿਨ ਸਵੇਰੇ ਵੋਟਾਂ ਪਵਾਉਣ ਦੀ ਰਫ਼ਤਾਰ ਮੱਠੀ ਹੋਣ ਕਾਰਨ ਵੋਟਰਾਂ ਨੂੰ ਲੰਮਾ ਸਮਾਂ ਕਤਾਰਾਂ ਵਿੱਚ ਖੜਨਾ ਪਿਆ। ਪੋਲਿੰਗ ਦੀ ਰਫ਼ਤਾਰ ਘੱਟ ਹੋਣ ਕਾਰਨ ਉਮੀਦਵਾਰ ਵੀ ਚਿੰਤਤ ਦਿਖਾਈ ਦਿੱਤੇ। ਵੋਟਾਂ ਭੁਗਤਾਉਣ ਲਈ ਬੂਥਾਂ ਤੇ ਔਰਤਾਂ ਦੀਆਂ ਕਤਾਰਾਂ ਸਵੇਰ ਤੋਂ ਹੀ ਲੱਗ ਗਈਆਂ ਜਦਕਿ ਨੌਜ਼ਵਾਨ ਵੋਟਰਾਂ ਦੀ ਘੱਟ ਦਿਖਾਈ ਦੇ ਰਹੀ ਗਿਣਤੀ ਤੋਂ ਅੰਦਾਜ਼ਾ ਲੱਗ ਰਿਹਾ ਸੀ ਕਿ ਨਵੇਂ ਬਣੇ ਵੋਟਰ ਵਿਦਿਆਰਥੀ ਦੇ ਤੌਰ ਤੇ ਵਿਦੇਸ਼ਾਂ ਵਿੱਚ ਚਲੇ ਗਏ ਹਨ। ਸਰਕਾਰੀ ਰਿਪੋਰਟਾਂ ਅਨੁਸਾਰ ਬਲਾਕ ਦੇ ਪਿੰਡਾਂ ਵਿੱਚ 12 ਵਜੇ ਤੱਕ 27.10%, ਦੋ ਵਜੇ ਤੱਕ 42.75% ਵੋਟਰਾਂ ਨੇ ਵੋਟਾਂ ਪਾਈਆਂ। ਛਾਜਲੀ, ਛਾਹੜ ਸਮੇਤ ਹੋਰਨਾਂ ਪਿੰਡਾਂ ਦੇ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਚੋਣ ਅਧਿਕਾਰੀ ਕਮ ਐਸਡੀਐਮ ਪ੍ਰਮੋਦ ਸਿੰਗਲਾ ਤੱਕ ਜ਼ੁਬਾਨੀ ਪਹੁੰਚ ਕਰਕੇ ਵੋਟਾਂ ਪਵਾਉਣ ਦੀ ਰਫ਼ਤਾਰ ਤੇਜ਼ ਕਰਨ ਲਈ ਅਰਜ਼ੋਈ ਕੀਤੀ ਗਈ, ਪਤਾ ਲੱਗਾ ਹੈ ਕਿ ਉਕਤ ਅਧਿਕਾਰੀ ਨੇ ਮੌਕੇ ਤੇ ਜਾਕੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ। ਸੁਨਾਮ ਬਲਾਕ ਅੰਦਰ ਕੁੱਲ 52 ਪੰਚਾਇਤਾਂ ਹਨ ਇੰਨਾਂ ਵਿੱਚੋਂ ਜਨਰਲ 18, ਜਨਰਲ ਔਰਤਾਂ 19, ਅਨੁਸੂਚਿਤ ਜਾਤੀ ਪੁਰਸ਼ 8, ਅਨੁਸੂਚਿਤ ਜਾਤੀ ਔਰਤਾਂ 7 ਸ਼ਾਮਿਲ ਹਨ। ਪਛੜੀਆਂ ਸ਼੍ਰੇਣੀਆਂ ਲਈ ਕੋਈ ਪੰਚਾਇਤ ਰਾਖਵੀਂ ਨਹੀਂ ਹੈ। ਚੋਣਾਂ ਦੌਰਾਨ ਸੁਨਾਮ ਬਲਾਕ ਦੇ ਪਿੰਡਾਂ ਵਿੱਚ ਚੋਣਾਂ ਦੌਰਾਨ ਅਮਨ ਸ਼ਾਂਤੀ ਨਾਲ ਵੋਟਾਂ ਪਈਆਂ ਅਤੇ ਬਹੁਤੇ ਪਿੰਡਾਂ ਵਿੱਚ ਪੰਚਾਇਤੀ ਵੋਟਾਂ ਪੈਣ ਦੇ ਨਿਰਧਾਰਤ ਸਮੇਂ ਤੱਕ ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਦੱਸਿਆ ਗਿਆ ਹੈ ਕਿ ਕਤਾਰ ਵਿੱਚ ਲੱਗੇ ਵੋਟਰਾਂ ਦੀਆਂ ਵੋਟਾਂ ਭੁਗਤਾਈਆਂ ਜਾਣਗੀਆਂ ਭਾਵੇਂ ਕਿੰਨਾ ਵੀ ਸਮਾਂ ਲੱਗੇ। ਵੋਟਾਂ ਭੁਗਤਾਉਣ ਤੋਂ ਬਾਅਦ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ।