ਸੁਨਾਮ : ਦੋ ਵਿਧਾਨ ਸਭਾ ਹਲਕਿਆਂ ਨਾਲ ਜੁੜੇ ਸੁਨਾਮ ਨੇੜਲੇ ਪਿੰਡ ਜਖੇਪਲ ਵਿਖੇ ਵੋਟਰਾਂ ਨੇ ਇੱਕੋ ਪਿੰਡ ਵਿੱਚ ਚਾਰ ਪੰਚਾਇਤਾਂ ਦੇ ਸਰਪੰਚ ਅਤੇ ਪੰਚ ਚੁਣਨ ਲਈ ਵੋਟਾਂ ਪਾਈਆਂ। ਸੂਬੇ ਅੰਦਰ ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਇੱਕ ਦੂਜੇ ਨਾਲ ਜੁੜੇ ਪਿੰਡ ਵਿੱਚ ਇੱਕ ਤੋਂ ਵੱਧ ਪੰਚਾਇਤਾਂ ਹੋਣ ਪਰੰਤੂ ਸਾਢੇ ਨੌਂ ਹਜ਼ਾਰ ਦੇ ਕਰੀਬ ਵੋਟਰਾਂ ਵਾਲਾ ਇਹ ਪਿੰਡ ਹੈ ਜਖੇਪਲ। ਦੱਸਣਯੋਗ ਹੈ ਕਿ ਸੁਨਾਮ ਨੇੜਲੇ ਇਸ ਪਿੰਡ ਜਖੇਪਲ ਵਿੱਚ ਚਾਰ ਵਾਸ ਹਨ ਅਤੇ ਚਾਰਾਂ ਵਾਸਾਂ ਦੀਆਂ ਆਪਣੀਆਂ ਆਪਣੀਆਂ ਪੰਚਾਇਤਾਂ ਹਨ ਜਿਨਾਂ ਵਿੱਚੋਂ ਤਿੰਨ ਪੰਚਾਇਤਾਂ ਜਖੇਪਲ ਵਾਸ, ਹੰਬਲਵਾਸ ਅਤੇ ਧਾਲੀਵਾਲ ਵਾਸ ਦਿੜਬਾ ਵਿਧਾਨ ਸਭਾ ਹਲਕੇ ਵਿੱਚ ਪੈਂਦੀਆਂ ਹਨ ਜਦੋਂ ਕਿ ਇੱਕ ਪੰਚਾਇਤ ਚੌਅ ਵਾਸ ਸੁਨਾਮ ਵਿਧਾਨ ਸਭਾ ਹਲਕੇ ਵਿੱਚ ਆਉਂਦੀ ਹੈ। ਲੋਕਤੰਤਰ ਦੀ ਜੜ੍ਹ ਕਹਾਉਣ ਵਾਲੀਆਂ ਪੰਚਾਇਤੀ ਚੋਣਾਂ ਕਾਰਨ ਪਿੰਡ ਵਾਸੀਆਂ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਪਿੰਡ ਵਿੱਚ ਗਹਿਮਾ ਗਹਿਮੀ ਵਾਲਾ ਮਾਹੌਲ ਹੈ ਇਥੋਂ ਦੇ ਲੋਕ ਜਿੱਥੇ ਆਪਣੇ ਉਮੀਦਵਾਰਾਂ ਲਈ ਵੋਟ ਪਾ ਕੇ ਆ ਰਹੇ ਹਨ ਉੱਥੇ ਦੂਜੇ ਵਾਸਾਂ ਦੀ ਚੋਣ ਵਿੱਚ ਵੀ ਦਿਲਚਸਪੀ ਰੱਖ ਰਹੇ ਹਨ। ਅੱਜ ਚਾਰੋਂ ਪਾਸੇ ਸਿਰਫ ਚੋਣਾਂ ਦੇ ਹੀ ਚਰਚੇ ਸੁਣਾਈ ਪੈ ਰਹੇ ਹਨ ਅਤੇ ਪਿੰਡ ਵਾਸੀ ਆਪਣੇ ਪ੍ਰਤੀਨਿਧ ਚੁਣਨ ਲਈ ਪੂਰੇ ਉਤਸ਼ਾਹ ਨਾਲ ਬੂਥਾਂ ਤੇ ਜਾਕੇ ਲਾਈਨਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੇ ਇਸਤੇਮਾਲ ਦੀ ਉਡੀਕ ਵਿੱਚ ਖੜੇ ਹਨ। ਦੱਸਣਾ ਬਣਦਾ ਹੈ ਕਿ ਕਿਸੇ ਸਮੇਂ ਸੁਨਾਮ ਵਿਧਾਨ ਸਭਾ ਹਲਕੇ ਦਾ ਹਿੱਸਾ ਰਹੇ ਜਖੇਪਲ ਪਿੰਡ ਦਾ ਵਿਧਾਇਕ ਅਤੇ ਲੋਕ ਸਭਾ ਦੀਆਂ ਚੋਣਾਂ ਸਮੇਂ ਨੁਮਾਇੰਦੇ ਚੁਣਨ ਵਿੱਚ ਵੱਡਾ ਯੋਗਦਾਨ ਰਿਹਾ ਹੈ। ਪਹਿਲਾਂ ਜਖੇਪਲ ਪਿੰਡ ਨੂੰ ਅਕਾਲੀ ਪੱਖੀ ਪਿੰਡ ਵਜੋਂ ਜਾਣਿਆ ਜਾਂਦਾ ਸੀ ਲੇਕਿਨ ਮੌਜੂਦਾ ਸਮੇਂ ਹਾਲਾਤ ਬਿਲਕੁਲ ਬਦਲ ਚੁੱਕੇ ਹਨ।