ਸੁਨਾਮ : ਰੇਲਵੇ ਵਿਭਾਗ ਵੱਲੋਂ ਸੁਨਾਮ ਵਿਖੇ ਬੱਸ ਸਟੈਂਡ ਨੇੜਲੇ ਰੇਲਵੇ ਫਾਟਕ ਤੇ ਕ਼ਰੀਬ ਦਸ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਅੰਡਰ ਬਰਿੱਜ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ, ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੰਡਰ ਬਰਿੱਜ ਬਣਵਾਏ ਜਾਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਚੱਲਦਿਆਂ ਉਕਤ ਕੰਮ ਅਗਲੇ ਛੇ ਮਹੀਨਿਆਂ ਵਿੱਚ ਪੂਰਾ ਕੀਤੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਨਾਲ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਬੁੱਧਵਾਰ ਨੂੰ ਰੇਲਵੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ 'ਚ ਸੁਨਾਮ ਦੇ ਬੱਸ ਸਟੈਂਡ ਨੇੜਿਓਂ ਲੰਘਦੀਆਂ ਰੇਲਵੇ ਲਾਈਨਾਂ 'ਤੇ ਬਣਨ ਵਾਲੇ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਦਾ ਕੰਮ ਅੱਜ ਰਸਮੀ ਤੌਰ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਨਿਰਮਾਣ ਕਾਰਜ ਦਾ ਉਦਘਾਟਨ ਕਰਨ ਮੌਕੇ ਪੁੱਜੇ ਰੇਲਵੇ ਵਿਭਾਗ ਦੇ ਸੀਨੀਅਰ ਸੈਕਸ਼ਨ ਅਫ਼ਸਰ ਸੁਰੇਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੇ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਇਹ ਕੰਮ ਪਹਿਲਾਂ ਹੀ ਯੋਜਨਾਬੱਧ ਤਰੀਕੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਅਗਲੇ 6 ਮਹੀਨਿਆਂ ਵਿੱਚ ਪੂਰਾ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਅੰਡਰ ਬ੍ਰਿਜ ਨੂੰ ਜਲਦੀ ਮੁਕੰਮਲ ਕਰਨ ਲਈ ਰੇਲਵੇ ਫਾਟਕ ਨੂੰ ਹੁਣ ਲੋਕਾਂ ਦੀ ਆਵਾਜਾਈ ਲਈ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਨਕਸ਼ੇ ਅਨੁਸਾਰ ਨਿਸ਼ਾਨਦੇਹੀ ਕਰਕੇ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਣ ਲਈ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿਵਾਉਣ ਵਿੱਚ ਰੇਲਵੇ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਸੂਬੇ ਨਾਲ ਸਬੰਧਿਤ ਪ੍ਰਵਾਨਗੀਆਂ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਿੱਸੇ ਆਈਆਂ ਹਨ।