ਰਾਮਪੁਰਾ ਫੂਲ : ਨੇੜਲੇ ਪਿੰਡ ਕੋਠੇ ਮੰਡੀ ਕਲਾਂ ਅੰਦਰ ਲੋਕਾਂ ਨੇ ਸਖ਼ਤ ਮੁਕਾਬਲੇ ਵਿਚ ਪੱਤਰਕਾਰ ਅਤੇ ਸਾਹਿਤਕਾਰ ਜਸਵੰਤ ਦਰਦਪਰੀਤ ਨੂੰ ਆਪਣਾ ਸਰਪੰਚ ਚੁਣਿਆ ਹੈ, ਜਦਕਿ ਉਹਨਾਂ ਦੀ ਧਰਮਪਤਨੀ ਲਖਵੀਰ ਕੌਰ ਪਹਿਲਾਂ ਹੀ ਪੰਚ ਚੁਣੇ ਗਏ ਹਨ। ਜਾਣਕਾਰੀ ਮੁਤਾਬਕ ਜਸਵੰਤ ਦਰਦਪਰੀਤ ਨੂੰ 121 ਵੋਟਾਂ ਮਿਲੀਆਂ ਹਨ ,ਜਦਕਿ ਉਹਨਾਂ ਨੂੰ ਸਖ਼ਤ ਟੱਕਰ ਦਿੰਦੇ ਆ ਰਹੇ ਜੋਗਿੰਦਰ ਸਿੰਘ ਨੂੰ 114 ਵੋਟਾਂ ਮਿਲੀਆਂ ਹਨ,ਜਦਕਿ ਸਰਪੰਚੀ ਦੇ ਤੀਜੇ ਉਮੀਦਵਾਰ ਜੱਗਾ ਰਾਮ ਵੀ ਇਸ ਟੱਕਰ ਵਿੱਚ 104 ਵੋਟਾਂ ਲੈਣ ਵਿੱਚ ਕਾਮਯਾਬ ਰਹੇ ਹਨ । ਇਸ ਤਰਾਂ ਮਹਿਜ 7 ਵੋਟਾਂ ਦੇ ਫ਼ਰਕ ਨੇ ਦਰਦਪਰੀਤ ਸਿਰ ਸਰਪੰਚੀ ਦਾ ਤਾਜ ਸਜਾ ਦਿੱਤਾ। ਜਿੱਤ ਉਪਰੰਤ ਜਸਵੰਤ ਦੇ ਸਮਰਥਕਾਂ ਵਲੋਂ ਉਹਨਾਂ ਅਤੇ ਉਹਨਾਂ ਦੀ ਪਤਨੀ ਨੂੰ ਢ੍ਹੋਲ ਢਮੱਕੇ ਨਾਲ ਗਿਣਤੀ ਕੇਂਦਰ ਤੋਂ ਉਹਨਾਂ ਦੇ ਘਰ ਤੱਕ ਜੇਤੂ ਜਲੂਸ ਦੀ ਸ਼ਕਲ ਵਿਚ ਲੈ ਜਾਇਆ ਗਿਆ। ਨਤੀਜੇ ਤੋਂ ਜਾਪਦਾ ਹੈ ਕਿ ਲੋਕਾਂ ਨੇ ਜਸਵੰਤ ਦਰਦਪਰੀਤ ਦੇ ਪੜ੍ਹੇ ਲਿਖੇ ਹੋਣ ਨੂੰ ਮੂਹਰੇ ਰੱਖਿਆ ਹੈ। ਲੋਕਾਂ ਨੇ ਦੱਸਿਆ ਸਰਪੰਚੀ ਦੀ ਚੋਣ ਲੜਨ ਲਈ ਦਰਦਪਰੀਤ ਨੇ ਭਾਵੇਂ ਯਕਲਖਤ ਮਨ ਬਣਾਇਆ, ਪ੍ਰੰਤੂ ਪੱਤਰਕਾਰ ਹੋਣ ਕਰਕੇ ਉਹ ਸਰਕਾਰੀ ਦਰਬਾਰੇ ਫੋਨ ਅਤੇ ਨਿਜੀ ਪਹੁੰਚ ਕਰਕੇ ਲੋਕਾਂ ਦੇ ਦੁੱਖਾਂ ਦੀ ਦਾਰੂ ਬਣਦੇ ਰਹੇ ਹਨ,ਸਮਾਜ ਸੇਵਾ ਦਾ ਇਹ ਕਣ ਸ਼ਾਇਦ ਉਹਨਾਂ ਨੂੰ ਸਖ਼ਤ ਮੁਕਾਬਲੇ ਚ ਜੇਤੂ ਬਣਾ ਗਿਆ। ਪੱਤਰਕਾਰ ਭਾਈਚਾਰੇ ਅਤੇ ਮੰਡੀ ਕਲਾਂ ਦੇ ਸੁਹਿਰਦ ਲੋਕਾਂ ਨੇ ਯਕੀਨ ਪ੍ਰਗਟ ਕੀਤਾ ਹੈ ਕਿ ਦਰਦਪਰੀਤ ਪਹਿਲਾਂ ਨਾਲੋਂ ਵੀ ਵੱਧ ਤਨਦੇਹੀ ਨਾਲ ਸਾਂਝੇ ਮਸਲੇ ਹੱਲ ਕਰਵਾਉਣ ਨੂੰ ਤਰਜੀਹ ਦੇਣਗੇ। ਸਰਪੰਚ ਜਸਵੰਤ ਦਰਦਪਰੀਤ ਦਾ ਕਹਿਣਾ ਹੈ ਕਿ ਉਹ ਤਨੋ ਮਨੋ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ 'ਚ ਕੋਈ ਕਸਰ ਨਹੀਂ ਛੱਡਣਗੇ। ਸਰਪੰਚ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।