ਰਾਮਪੁਰਾ ਫੂਲ : ਪਿੰਡ ਬੱਲ੍ਹੋ ਤੋਂ ਬੀਬਾ ਅਮਰਜੀਤ ਕੌਰ ਸਰਪੰਚ ਚੁਣੇ ਗਏ ਹਨ, ਉਹਨਾਂ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਸਮਰਥਕ ਉਮੀਦਵਾਰ ਮਨਜੀਤ ਕੌਰ ਨੂੰ 975 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ, ਜਿੰਨਾਂ ਨੂੰ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦਾ ਥਾਪੜਾ ਸਮਝਿਆ ਜਾਂਦਾ ਹੈ।ਹਾਸਲ ਜਾਣਕਾਰੀ ਅਨੁਸਾਰ ਚੋਣਾਂ ਦਾ ਬਿਗੁਲ ਵਜਦਿਆਂ ਹੀ ਪਿੰਡ ਦੇ ਲੋਕਾਂ ਨੇ ਆਪਣੀ ਦਾਨਾ ਮੰਡੀ ਚ ਇਕੱਠ ਕਰਕੇ ਅਮਰਜੀਤ ਕੌਰ ਦੇ ਨਾਂ ਤੇ ਸਰਪੰਚੀ ਲਈ ਅਤੇ 9 ਵਾਰਡਾਂ ਦੀ ਪੰਚੀ ਦੀ ਚੋਣ ਲਈ ਸਰਬਸੰਮਤੀ ਕਰ ਲਈ ਸੀ। ਉਪਰੰਤ ਦੂਜੀ ਧਿਰ ਨੇ ਸਰਬਸੰਮਤੀ ਨਾਲ ਸਹਿਮਤ ਹੋਣ ਦੀ ਬਜਾਇ ਮਨਜੀਤ ਕੌਰ ਪਤਨੀ ਗੁਰਜੰਟ ਸਿੰਘ ਨੂੰ ਸਰਪੰਚੀ ਲਈ ਅਤੇ ਵਾਰਡ ਨੰਬਰ 6 ਵਿਚ ਪੰਚੀ ਲਈ ਮਨਜਿੰਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਸੀ,ਜਦਕਿ ਬਾਕੀ 8 ਵਾਰਡਾਂ ਵਿਚ ਹੋਈ ਸਰਬਸੰਮਤੀ ਕਾਇਮ ਰਹੀ। ਲੋਕ ਸਮਝਦੇ ਹਨ ਕਿ ਚੋਣ ਬਿਨਾਂ ਕਿਸੇ ਦਖਲ ਅੰਦਾਜੀ ਤੋਂ ਨੇਪਰੇ ਚੜ੍ਹੀ ਹੈ,ਜਿਸ ਲਈ ਸਰਪੰਚਣੀ ਅਮਰਜੀਤ ਕੌਰ ਸਮੇਤ ਪਿੰਡ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਹੈ। ਸਰਪੰਚ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੇ ਤਰਜੀਹੀ ਕੰਮਾਂ ਵਿੱਚ ਪਿੰਡ ਅੰਦਰ ਥਾਪਰ ਮਾਡਲ ਲਾਗੂ ਕਰਨਾ ,ਸਿਹਤ,ਸਿੱਖਿਆ ਅਤੇ ਵਾਤਾਵਰਨ ਬਚਾਉਣ ਤੋਂ ਇਲਾਵਾ ਪਿੰਡ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਲੋਕ ਰਾਇ ਨਾਲ ਮੁਕੰਮਲ ਕਰਵਾਉਣਗੇ। ਇਸੇ ਦੌਰਾਨ ਪਿੰਡ ਦੇ ਹੀ ਜੰਮਪਲ , ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸ਼ਖ਼ਸੀਅਤ ਗੁਰਮੀਤ ਸਿੰਘ ਮਾਨ ਨੇ ਗੁਜਰਾਤ ਤੋਂ ਆਪਣੇ ਫੇਸਬੁੱਕ ਪੇਜ ਰਾਹੀਂ ਨਵੇਂ ਚੁਣੇ ਸਰਪੰਚ ਸਮੇਤ ਸਹੀ ਚੋਣ ਕਰਨ ਲਈ ਪਿੰਡ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ, ਉਹਨਾਂ ਯਕੀਨ ਦਵਾਇਆ ਕਿ ਉਹ ਪਿੰਡ ਦੀ ਬਿਹਤਰੀ ਲਈ ਪੰਚਾਇਤ ਦੇ ਹੁਕਮਾਂ ਤੇ ਫੁੱਲ ਚੜ੍ਹਾਉਣਗੇ।