ਪਟਿਆਲਾ : ਸਟੇਟ ਬੈਂਕ ਆਫ਼ ਇੰਡੀਆ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵੱਲੋਂ ਪਿੰਡ ਜੱਸੋਵਾਲ, ਭਾਦਸੋਂ ਰੋਡ, ਪਟਿਆਲਾ ਵਿਖੇ ਡੇਅਰੀ ਫਾਰਮਿੰਗ ਟ੍ਰੇਨਿੰਗ ਲੈ ਰਹੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ। ਇਸ ਸਮਾਗਮ ਵਿੱਚ ਰੋਜ਼ਗਾਰ ਵਿਭਾਗ ਪਟਿਆਲਾ ਦੇ ਸਤਿੰਦਰ ਸਿੰਘ (ਸੀ.ਈ.ਓ.) ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸਤਿੰਦਰ ਸਿੰਘ (ਸੀ.ਈ.ਓ.) ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਵੱਲੋਂ ਚਲਾਈ ਜਾ ਰਹੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਇੱਕ ਚੰਗਾ ਉਪਰਾਲਾ ਹੈ। ਉਹਨਾਂ ਕਿਹਾ ਕਿ ਸਵੈ ਰੋਜ਼ਗਾਰ ਨੂੰ ਵਧਾਉਣ ਵਿੱਚ ਬੈਂਕ ਵੱਲੋਂ ਚਲਾਈ ਜਾ ਰਹੀ ਇਸ ਸੰਸਥਾ ਦਾ ਵੱਡਾ ਯੋਗਦਾਨ ਹੈ। ਉਹਨਾਂ ਸੰਸਥਾ ਵਿੱਚ ਮੌਜੂਦ ਸਹੂਲਤਾਂ ਅਤੇ ਟ੍ਰੇਨਿੰਗ ਪੱਧਰ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸਾਰੇ ਕਾਮਯਾਬ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ। ਇਸ 10 ਦਿਨਾਂ ਡੇਅਰੀ ਫਾਰਮਿੰਗ ਫੋਰਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਗੁਰਬਖ਼ਸ਼ ਸਿੰਘ ਗਿੱਲ ਨੇ ਉਚੇਚੇ ਤੌਰ ਤੇ ਸਿੱਖਿਆਰਥੀਆਂ ਨੂੰ ਸਿਖਲਾਈ ਦਿੱਤੀ।
ਇਸ ਮੌਕੇ ਐਸ.ਬੀ.ਆਈ.ਆਰਸੇਟੀ, ਪਟਿਆਲਾ ਦੇ ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ ਆਰਸੇਟੀ ਪਟਿਆਲਾ ਵਿੱਚ 60 ਤੋਂ ਵੀ ਵੱਧ ਵੱਖਰੇ ਵੱਖਰੇ ਕੋਰਸਾਂ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਮੌਕੇ (ਆਰਸੇਟੀ) ਪਟਿਆਲਾ ਦੇ ਬਲਜਿੰਦਰ ਸਿੰਘ (ਫੈਕਲਟੀ) ਹਰਦੀਪ ਸਿੰਘ ਰਾਏ (ਫੈਕਲਟੀ) ਅਜੀਤਇੰਦਰ ਸਿੰਘ ਤੇ ਕਵਨੀਤ ਕੌਰ (ਆਫ਼ਿਸ ਅਸਿਸਟੈਂਟ) ਸ਼ਮਾਲ ਰਹੇ। ਡਾਇਰੈਕਟਰ ਭਗਵਾਨ ਸਿੰਘ ਵਰਮਾ ਦੱਸਿਆ ਕਿ ਬੱਕਰੀ ਪਾਲਣ, ਕੰਪਿਊਟਰ, ਅਕਾਉਂਟਿੰਗ, ਜੂਟ ਦੇ ਪ੍ਰੋਡਕਟਸ, ਡੇਅਰੀ ਫਾਰਮਿੰਗ, ਟੇਲਰਿੰਗ, ਬਿਊਟੀ ਪਾਰਲਰ ਆਦਿ ਸਿਖਲਾਈ ਕੋਰਸਾਂ ਲਈ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਦਾ ਨਾਮ ਦਰਜ ਕਰਵਾਉਣਾ ਆਰਸੇਟੀ, ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ ਹੈ। ਇਸ ਕੋਰਸ ਲਈ ਪੇਂਡੂ ਖੇਤਰ ਤੋਂ ਮਹਿਲਾ ਅਤੇ ਹੋਰ ਬੇਰੁਜ਼ਗਾਰ ਲੋੜਵੰਦਾਂ ਇਸ ਕੋਰਸ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ। ਇਨ੍ਹਾਂ ਕੋਰਸਾਂ ਲਈ ਉਮਰ 18 ਤੋ 45 ਸਾਲ ਹੈ ਤੇ ਸਾਰੇ ਕੋਰਸ ਮੁਫ਼ਤ ਹਨI
ਡਾਇਰੈਕਟਰ ਭਗਵਾਨ ਸਿੰਘ ਵਰਮਾ ਨੇ ਦੱਸਿਆ ਕਿ 30.09.2024 ਤੱਕ, ਵੱਖ-ਵੱਖ ਗਤੀਵਿਧੀਆਂ ਵਿੱਚ 8134 ਸਿੱਖਿਆਰਥੀਆਂ ਨੇ ਸਿਖਲਾਈ ਲਈ ਜਿਨ੍ਹਾਂ ਵਿਚੋਂ 5992 ਸਿੱਖਿਆਰਥੀਆਂ ਨੇ ਸਵੈ-ਰੋਜ਼ਗਾਰ ਸ਼ੁਰੂ ਕੀਤਾ ਹੈ। ਡਾਇਰੈਕਟਰ ਆਰਸੇਟੀ ਨੇ ਦੱਸਿਆ ਕਿ ਇਹਨਾਂ ਕਿੱਤਾਮੁਖੀ ਕੋਰਸਾਂ ਵਿਚ ਭਾਗ ਲੈ ਰਹੇ 18-45 ਸਾਲ ਦੇ ਸਿੱਖਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇ ਨਾਲ ਦੁਪਹਿਰ ਦਾ ਖਾਣਾ ਅਤੇ ਦੋ ਸਮੇਂ ਦੀ ਚਾਹ ਵੀ ਮੁਫ਼ਤ ਦਿੱਤੀ ਜਾਂਦੀ ਹੈਂ। ਉਹਨਾਂ ਨੇ ਦੱਸਿਆ ਕਿ ਪ੍ਰਭਾਵਸ਼ਾਲੀ ਰੋਜ਼ਗਾਰ ਪੈਦਾ ਕਰਨ ਲਈ ਸਿੱਖਿਅਤ ਉਮੀਦਵਾਰਾਂ ਨਾਲ ਦੋ ਸਾਲਾਂ ਤਕ ਫਾਲੋ ਅਪ ਵੀ ਕੀਤਾ ਜਾਂਦਾ ਹੈ ਅਤੇ ਨਵੀਂਆਂ ਰਜਿਸ਼ਟ੍ਰੇਸ਼ਨਾਂ ਲਈ ਗੂਗਲ ਫਾਰਮ ਤੇ ਕਿਊ ਆਰ ਕੋਡ ਆਨਲਾਈਨ ਜਾਰੀ ਕੀਤਾ ਗਿਆ ਹੈ।