ਭਾਕਿਯੂ ਉਗਰਾਹਾਂ ਅਤੇ ਵਪਾਰ ਮੰਡਲ ਵੱਲੋਂ ਕੰਮ ਚ ਤੇਜ਼ੀ ਲਿਆਉਣ ਦੀ ਮੰਗ
ਸੁਨਾਮ : ਸੰਗਰੂਰ ਮੁੱਖ ਸੜਕ ’ਤੇ ਸਥਿਤ ਪਿੰਡ ਅਕਾਲਗੜ੍ਹ, ਚੱਠੇ ਨਕਟੇ ਦੇ ਨਜ਼ਦੀਕ ਸਰਹਿੰਦ ਚੋਅ ਤੇ ਉਸਾਰੀ ਅਧੀਨ ਪੁਲ ਦਾ ਨਿਰਮਾਣ ਕਾਰਜ ਮੱਠੀ ਰਫ਼ਤਾਰ ਵਿੱਚ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਕਿਸਾਨ ਅਤੇ ਵਪਾਰੀ ਵਰਗ ਚਿੰਤਤ ਦਿਖਾਈ ਦੇ ਰਹੇ ਹਨ, ਸੁਨਾਮ ਸ਼ਹਿਰ ਨਾਲ ਜੁੜੇ ਦਰਜ਼ਨਾਂ ਪਿੰਡਾਂ ਦਾ ਸੰਪਰਕ ਵੀ ਕਟਿਆ ਗਿਆ ਹੈ। ਜਿਸ ਕਾਰਨ ਸੁਨਾਮ ਸ਼ਹਿਰ ਦਾ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਿੰਡਾਂ ਦੇ ਵਸਨੀਕ ਲੰਮਾ ਪੈਂਡਾ ਤੈਅ ਕਰਕੇ ਹੋਰ ਖੇਤਰਾਂ ਤੋਂ ਖਰੀਦਦਾਰੀ ਕਰਨ ਨੂੰ ਤਰਜੀਹ ਦੇ ਰਹੇ ਹਨ। ਜਿਸ ਕਾਰਨ ਵਪਾਰੀ ਵਰਗ ਨਿਰਾਸ਼ ਹੈ। ਵਪਾਰੀ ਵੀ ਆਪਣੇ ਕਿਸਾਨ ਗਾਹਕਾਂ ਨੂੰ ਲੈ ਕੇ ਚਿੰਤਤ ਹਨ। ਦੱਸਣਯੋਗ ਹੈ ਕਿ ਪੁਲ ਦੇ ਨਿਰਮਾਣ ਦਾ ਕੰਮ ਕ਼ਰੀਬ ਪੰਜ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਹੁਣ ਤੱਕ ਪੁਲ ਦੇ ਨਿਰਮਾਣ ਦਾ ਅੱਧਾ ਕੰਮ ਵੀ ਪੂਰਾ ਨਹੀਂ ਹੋ ਸਕਿਆ ਹੈ। ਇਹ ਪੁਲ ਸੁਨਾਮ, ਲਹਿਰਾਗਾਗਾ ਅਤੇ ਹਰਿਆਣਾ ਨੂੰ ਸੰਗਰੂਰ ਨਾਲ ਜੋੜਨ ਵਾਲਾ ਇੱਕੋ-ਇੱਕ ਰਸਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਆ ਗਿਆ ਹੈ। ਇਸ ਇਲਾਕੇ ਦੇ ਕਿਸਾਨਾਂ ਨੂੰ ਸੁਨਾਮ ਦੀ ਅਨਾਜ ਮੰਡੀ ਵਿੱਚ ਝੋਨਾ ਲਿਆਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਪੁਲ ਦੀ ਉਸਾਰੀ ਵਿੱਚ ਲਗਾਤਾਰ ਹੋ ਰਹੀ ਦੇਰੀ ਦਾ ਖਮਿਆਜ਼ਾ ਆਮ ਲੋਕ ਭੁਗਤ ਰਹੇ ਹਨ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਸਰਕਾਰ ਨੂੰ ਤੁਰੰਤ ਦਖਲ ਦੇ ਕੇ ਉਸਾਰੀ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ।
- ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਭੋਲਾ ਕੁਲਾਰ ਨੇ ਕਿਹਾ ਕਿ ਪੁਲ ਦੀ ਉਸਾਰੀ ਦੀ ਬਹੁਤ ਹੀ ਮੱਠੀ ਰਫ਼ਤਾਰ ਸੁਨਾਮ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੀ ਹੈ। ਕਾਰੋਬਾਰ ਪਹਿਲਾਂ ਹੀ ਮੰਦੀ ਵਿੱਚੋਂ ਲੰਘ ਰਿਹਾ ਹੈ। ਇਸ ਦੇ ਨਾਲ ਹੀ ਪੁਲ ਦੇ ਨਿਰਮਾਣ ਦੀ ਰਫ਼ਤਾਰ ਮੱਠੀ ਹੋਣ ਕਾਰਨ ਵਪਾਰੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲ ਦਾ ਨਿਰਮਾਣ ਜਲਦੀ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।