ਬੱਸ ਸਟੈਂਡ ਵਿਚ ਦੂਜੇ ਦਿਨ ਵੀ ਦੇਣਾ ਪਿਆ ਧਰਨਾ
ਸੁਨਾਮ : ਸੁਨਾਮ ਵਿਖੇ ਬੱਸ ਸਟੈਂਡ ਨੇੜਲੇ ਰੇਲਵੇ ਫਾਟਕ ਤੇ ਬਣਾਏ ਜਾਣ ਵਾਲੇ ਅੰਡਰ ਬਰਿੱਜ ਦਾ ਨਿਰਮਾਣ ਕਾਰਜ ਸ਼ੁਰੂ ਹੋ ਜਾਣ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਕਿਸਾਨਾਂ ਵੱਲੋਂ ਧਰਨਾ ਦਿੱਤੇ ਜਾਣ ਕਾਰਨ ਬੱਸ ਸਟੈਂਡ ਨੂੰ ਆਰਜ਼ੀ ਤੌਰ ਤੇ ਪਟਿਆਲਾ ਰੋਡ ਉਤੇ ਤਬਦੀਲ ਕਰ ਦਿੱਤਾ ਗਿਆ ਸੀ ਜਿਸ ਕਾਰਨ ਬੱਸ ਸਟੈਂਡ ਅਤੇ ਨੇੜਲੇ ਬਾਜ਼ਾਰਾਂ ਦੇ ਦੁਕਾਨਦਾਰਾਂ ਅੰਦਰ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਸੀ। ਬੱਸ ਸਟੈਂਡ ਸਮੇਤ ਨੇੜਲੇ ਬਾਜ਼ਾਰਾਂ ਦੇ ਦੁਕਾਨਦਾਰਾਂ ਵੱਲੋਂ ਬੱਸਾਂ ਮੁੜ ਮੁੱਖ ਅੱਡੇ ਵਿੱਚ ਲਿਆਉਣ ਲਈ ਸੋਮਵਾਰ ਨੂੰ ਦੂਜੇ ਦਿਨ ਵੀ ਧਰਨਾ ਦੇਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਲੋਕ ਰੋਹ ਅੱਗੇ ਝੁਕਦਿਆਂ ਬੱਸਾਂ ਨੂੰ ਬੱਸ ਸਟੈਂਡ ਵਿਚ ਲਿਆਉਣ ਦੀ ਹਦਾਇਤ ਕੀਤੀ ਇਸ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਬੱਸ ਸਟੈਂਡ ਵਿਚ ਧਰਨਾ ਦੇ ਰਹੇ ਵਪਾਰ ਮੰਡਲ ਦੇ ਪ੍ਰਧਾਨ ਨਰੇਸ਼ ਕੁਮਾਰ ਭੋਲਾ, ਬੱਸ ਅੱਡਾ ਸੰਘਰਸ਼ ਕਮੇਟੀ ਦੇ ਮੈਂਬਰਾਂ ਜੋਨੀ ਕੁਮਾਰ, ਪ੍ਰਵੀਨ ਕੁਮਾਰ, ਰਿੰਕੂ, ਰਾਜਿੰਦਰ ਕੁਮਾਰ ਬਿੱਟੂ, ਰਾਕੇਸ਼ ਕੁਮਾਰ, ਤਰਸੇਮ ਸਿੰਘ, ਪਵਨ ਕੁਮਾਰ ਨਾਗਰਾ, ਡਾਕਟਰ ਕਮਲ ਕੁਮਾਰ, ਮੁਕੇਸ਼ ਕੁਮਾਰ, ਨਰੇਸ਼ ਕੁਮਾਰ ਅਤੇ ਟਰਾਂਸਪੋਰਟ ਸੁਖਜਿੰਦਰ ਸਿੰਘ ਪੱਪੀ ਨੇ ਕਿਹਾ ਕਿ ਬੱਸ ਸਟੈਂਡ ਵਿਚ ਬੱਸਾਂ ਨਾ ਆਉਣ ਕਾਰਨ ਦੁਕਾਨਦਾਰਾਂ ਦਾ ਕੰਮ ਤਿਉਹਾਰਾਂ ਦੇ ਦਿਨਾਂ ਵਿੱਚ ਠੱਪ ਹੋ ਗਿਆ ਸੀ ਜਿਸ ਕਾਰਨ ਉਹ ਆਪਣੇ ਪਰਿਵਾਰਾਂ ਦੇ ਪਾਲਣ ਪੋਸ਼ਣ ਲਈ ਧਰਨਾ ਦੇਣ ਲਈ ਮਜ਼ਬੂਰ ਹੋਏ ਹਨ। ਉਨ੍ਹਾਂ ਕਿਹਾ ਕਿ ਬੱਸ ਅੱਡੇ ਵਿੱਚ ਆਉਂਦੀਆਂ ਸਵਾਰੀਆਂ ਦੇ ਸਿਰ 'ਤੇ ਹੀ ਉਹ ਆਪਣੀਆਂ ਦੁਕਾਨਾਂ ਉੱਤੇ ਕਾਰੋਬਾਰ ਚਲਾਉਂਦੇ ਹਨ। ਦੁਕਾਨਦਾਰਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਕੀਤੇ ਜਾ ਰਹੇ ਸੰਘਰਸ਼ ਦੌਰਾਨ ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਬੱਸਾਂ ਮੁੜ ਮੁੱਖ ਅੱਡੇ ਵਿੱਚ ਲਿਆਉਣ ਦਾ ਐਲਾਨ ਕੀਤਾ ਤਾਂ ਦੁਕਾਨਦਾਰਾਂ ਨੇ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਜਸਵੰਤ ਸਿੰਘ ਤੋਲਾਵਾਲ, ਰਾਮਸ਼ਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ ਨੇ ਕਿਹਾ ਕਿ ਦੁਕਾਨਦਾਰਾਂ ਦੀ ਮੁਸ਼ਕਿਲ ਨੂੰ ਸਮਝਦੇ ਹੋਏ ਜਥੇਬੰਦੀ ਨੇ ਮੰਤਰੀ ਦੀ ਕੋਠੀ ਮੂਹਰੇ ਧਰਨਾ ਸ਼ੁਰੂ ਕਰਨ ਸਮੇਂ ਹੀ ਸੜਕ ਦਾ ਇੱਕ ਹਿੱਸਾ ਖ਼ਾਲੀ ਰੱਖਣ ਦਾ ਫੈਸਲਾ ਕੀਤਾ ਸੀ ਤਾਂ ਜੋ ਬੱਸਾਂ ਦੀ ਆਵਾਜਾਈ ਵਿੱਚ ਰੁਕਾਵਟ ਪੈਦਾ ਨਾ ਹੋਵੇ।