ਸੁਨਾਮ : ਮਾਰਕਿਟ ਕਮੇਟੀ ਸੁਨਾਮ ਅਧੀਨ ਆਉਂਦੇ ਪਿੰਡ ਚੱਠਾ ਨਨਹੇੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਮੰਡੀ ਦੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਨਾਲ ਲੈਕੇ ਮਾਰਕਫੈੱਡ ਦੇ ਇੰਸਪੈਕਟਰ ਜਸਦੀਪ ਸਿੰਘ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਕਿਸੇ ਵੀ ਕਿਸਾਨ ਜਾਂ ਆੜ੍ਹਤੀਏ ਨੂੰ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਖ਼ਰੀਦ ਏਜੰਸੀ ਦੇ ਅਧਿਕਾਰੀ ਨੂੰ ਕਿਹਾ ਗਿਆ ਹੈ ਕਿ ਝੋਨੇ ਦੀ ਬੋਲੀ, ਲਿਫਟਿੰਗ ਅਤੇ ਅਦਾਇਗੀ ਨਾਲੋਂ ਨਾਲ ਕਰਵਾਈ ਜਾਵੇ। ਚੱਠਾ ਨੇ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੱਕਿਆ ਹੋਇਆ ਝੋਨਾ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਬੀਕੇਯੂ ਏਕਤਾ ਸਿੱਧੂਪੁਰ ਬਰਦਾਸ਼ਤ ਨਹੀਂ ਕਰੇਗੀ। ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ 17 ਨਮੀ ਦੀ ਥਾਂ 20 ਨਮੀ ਵਾਲਾ ਝੋਨਾ ਖਰੀਦਣ ਲਈ ਆਪਣੇ ਅਧਿਕਾਰੀਆਂ ਨੂੰ ਆਦੇਸ਼ ਦੇਵੇ। ਉਨ੍ਹਾਂ ਕਿਹਾ ਕਿ ਝੋਨੇ ਤੇ ਤੇਲੇ ਦੇ ਹਮਲੇ ਨਾਲ ਝੋਨੇ ਦੇ ਘਟੇ ਝਾੜ ਦੀ ਪੂਰਤੀ ਲਈ ਸੂਬਾ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਪ੍ਰਤੀ ਕੁਇੰਟਲ 300 ਰੁਪਏ ਬੋਨਸ ਦੇਕੇ ਕਿਸਾਨਾਂ ਦੇ ਘਾਟੇ ਦੀ ਪੂਰਤੀ ਕਰੇ।
ਕਿਸਾਨ ਆਗੂ ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਰਾਲੀ ਦੀ ਸਾਂਭ ਸੰਭਾਲ ਲਈ ਨਾਂਮਾਤਰ ਪ੍ਰਬੰਧ ਕੀਤੇ ਹਨ, ਜਿਸ ਕਰਕੇ ਕਣਕ ਦੀ ਬਿਜਾਈ ਸਮੇਂ ਸਿਰ ਕਰਨ ਲਈ ਕਿਸਾਨਾਂ ਨੂੰ ਮਜਬੂਰੀ ਵੱਸ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ। ਕਿਸਾਨਾਂ ਤੇ ਪੁਲਿਸ ਪਰਚੇ ਦਰਜ ਕਰਨੇ ਬੰਦ ਕਰੇ ਅਤੇ ਕਿਸਾਨਾਂ ਦੀਆਂ ਫਰਦਾਂ ਤੇ ਰੈਡ ਐਂਟਰੀਆਂ ਕਰਨੀਆਂ ਬੰਦ ਕੀਤੀਆਂ ਜਾਣ ਜੇਕਰ ਪ੍ਰਸ਼ਾਸਨ ਦਾ ਇਹੋ ਤਾਲਬਾਨੀ ਰਵਈਆ ਰਿਹਾ ਤਾਂ ਬੀਕੇਯੂ ਏਕਤਾ ਸਿੱਧੂਪੁਰ ਪ੍ਰਸ਼ਾਸਨ ਦਾ ਸਖ਼ਤ ਵਿਰੋਧ ਕਰਦਿਆਂ ਪ੍ਰਸ਼ਾਸਨ ਨੂੰ ਪਿੰਡਾਂ ਤੇ ਖੇਤਾਂ ਵਿੱਚ ਨਹੀਂ ਵੜਨ ਦੇਵੇਗੀ ਅਤੇ ਪਰਾਲੀ ਡੀਐਸਪੀ ਦਫ਼ਤਰ ਅਤੇ ਥਾਣਿਆਂ ਮੂਹਰੇ ਸੁੱਟੀ ਜਾਵੇਗੀ। ਇਸ ਮੌਕੇ ਸੋਨੀ ਸਿੰਘ, ਹੈਪੀ ਸਿੰਘ,ਜੀਵਨ ਸਿੰਘ ਖਜਾਨਚੀ,ਖਿੱਲੂ ਸਿੰਘ ਸਾਬਕਾ ਪੰਚ, ਨਛੱਤਰ ਸਿੰਘ ਬਾਬਾ,ਅਮਰੀਕ ਸਿੰਘ ਸਾਬਕਾ ਪੰਚ, ਹਰਨੇਕ ਸਿੰਘ, ਜਗਤਾਰ ਸਿੰਘ, ਲੀਲਾ ਸਿੰਘ ਮਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।