ਸੁਨਾਮ : ਮਨਰੇਗਾ ਕਾਨੂੰਨ ਨੂੰ ਸਹੀ ਅਰਥਾਂ ਵਿੱਚ ਲਾਗੂ ਨਾ ਕਰਨ ਦੇ ਰੋਸ ਵਜੋਂ ਵੀਰਵਾਰ ਨੂੰ ਸੁਨਾਮ ਵਿਖੇ ਮਨਰੇਗਾ ਵਰਕਰਾਂ ਨੇ ਬੀਡੀਪੀਓ ਦਫ਼ਤਰ ਸਾਹਮਣੇ ਥਾਲੀਆਂ ਖੜਕਾਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਆਗੂਆਂ ਹਰਪਾਲ ਕੌਰ ਟਿੱਬੀ, ਸੁਖਵਿੰਦਰ ਕੌਰ ਘਾਸੀਵਾਲਾ, ਬੰਤ ਬੇਗਮ , ਚਰਨਜੀਤ ਕੌਰ, ਰਣਜੀਤ ਕੌਰ, ਜਸਵਿੰਦਰ ਕੌਰ, ਰਘਬੀਰ ਸਿੰਘ, ਸੁਰਜੀਤ ਸਿੰਘ, ਹਾਕਮ ਸਿੰਘ ਅਤੇ ਦਰਸ਼ਨ ਸਿੰਘ ਨੇ ਕਿਹਾ ਕਿ ਸੁਨਾਮ ਬਲਾਕ ਦੇ ਕੁੱਝ ਇੱਕ ਪਿੰਡਾਂ ਵਿੱਚ ਮਨਰੇਗਾ ਕਾਨੂੰਨ ਨੂੰ ਨਿਯਮਾਂ ਅਨੁਸਾਰ ਲਾਗੂ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮਨਰੇਗਾ ਵਰਕਰਾਂ ਨੂੰ ਕੰਮ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਕਾਮਿਆਂ ਨੂੰ ਕੰਮ ਨਾ ਮਿਲਣ ਕਰਕੇ ਘਰਾਂ ਦੇ ਚੁੱਲ੍ਹੇ ਠੰਢੇ ਹੋ ਰਹੇ ਹਨ ਜਿਸ ਕਾਰਨ ਮਨਰੇਗਾ ਕਾਮਿਆਂ ਨੂੰ ਬੀਡੀਪੀਓ ਦਫ਼ਤਰ ਸਾਹਮਣੇ ਥਾਲੀਆਂ ਖੜਕਾਉਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਸਾਡਾ ਮਾਸਟਰ-ਰੋਲ ਕੱਢ ਕੇ ਚਾਓਵਾਸ ਵਿਖੇ ਨਹਿਰ ਦੇ ਪ੍ਰੋਜੈਕਟ ਤੇ ਕੰਮ ਕਰਨ ਲਈ ਭੇਜਿਆ ਗਿਆ, ਸਾਰਾ ਦਿਨ ਕੰਮ ਕੀਤਾ ਅਤੇ ਬਾਅਦ ਦੁਪਹਿਰ ਨਹਿਰੀ ਮਹਿਕਮੇ ਦੇ ਅਧਿਕਾਰੀ ਵੱਲੋਂ ਕੰਮ ਤੋਂ ਜਵਾਬ ਦੇ ਦਿੱਤਾ, ਕਿ ਇਥੇ ਕੰਮ ਨਹੀਂ ਕੰਮ ਤੇ ਨਹੀਂ ਆਉਣਾ। ਮਨਰੇਗਾ ਕਾਮਿਆਂ ਨੇ ਕਿਹਾ ਕਿ ਜੇਕਰ ਨਹਿਰ ਦਾ ਪ੍ਰੋਜੈਕਟ ਨਹੀਂ ਤਾਂ ਮਾਸਟਰ ਰੋਲ ਕਿਉਂ ਕੱਢਿਆ ਗਿਆ , ਜਦੋਂ ਮਨਰੇਗਾ ਵਰਕਰ ਉਕਤ ਮਾਮਲੇ ਨੂੰ ਲੈਕੇ ਗੱਲਬਾਤ ਕਰਨ ਲਈ ਬੀਡੀਪੀਓ ਦਫ਼ਤਰ ਸੁਨਾਮ ਵਿਖੇ ਆਏ ਤਾਂ ਕਿਸੇ ਨੇ ਗੱਲ ਸੁਣਨੀ ਮੁਨਾਸਿਬ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਰੁਜ਼ਗਾਰ ਸੁਰੱਖਿਅਤ ਰੱਖਣ ਲਈ ਅੱਜ ਮਹਿਲਾਵਾਂ ਨੂੰ ਵਰਤਾਂ ਦੇ ਦਿਨ ਭੁੱਖੇ ਢਿੱਡ ਤਿਉਹਾਰ ਮੌਕੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਹੈ। ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਆਗੂਆਂ ਨੇ ਦੱਸਿਆ ਕਿ ਮਨਰੇਗਾ ਕਾਮਿਆਂ ਨੇ 28 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ।