ਸੁਨਾਮ : ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ, ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਸੁਨਾਮ ਦੀ ਸਾਂਝੀ ਮੀਟਿੰਗ ਕੇਹਰ ਸਿੰਘ ਜੋਸ਼ਨ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਸੁਨਾਮ ਵਿਖੇ ਹੋਈ। ਮੀਟਿੰਗ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਜੁਆਇੰਟ ਫਰੰਟ ਪੰਜਾਬ ਵੱਲੋਂ ਵਿਧਾਨ ਸਭਾ ਜ਼ਿਮਨੀ ਚੋਣਾਂ ਦੌਰਾਨ ਕੀਤੇ ਜਾ ਰਹੇ ਸੰਘਰਸ਼ ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਵਿਤੀ ਮੰਗਾਂ ਨੂੰ ਬਿਲਕੁਲ ਹੀ ਅਖੋਂ ਪਰੋਖੇ ਕਰਨ ਅਤੇ ਡੰਗ ਟਪਾਊ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਸਖ਼ਤ ਨਿਖੇਧੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੈਨਸ਼ਨਰਜ਼ ਆਗੂਆਂ ਬਲਵਿੰਦਰ ਸਿੰਘ ਜਿਲੇਦਾਰ , ਜੀਤ ਸਿੰਘ ਬੰਗਾ, ਹਰਨੇਕ ਸਿੰਘ ਨੱਬੇ, ਜਗਦੇਵ ਸਿੰਘ ਬਾਹੀਆ, ਸੁਰਿੰਦਰ ਸਿੰਘ, ਪਵਨ ਕੁਮਾਰ ਸ਼ਰਮਾ, ਧਰਮ ਸਿੰਘ ਅਤੇ ਗੁਰਬਚਨ ਸਿੰਘ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਅਣਗੌਲਿਆਂ ਹੀ ਨਹੀਂ ਕੀਤਾ ਸਗੋਂ ਮਖੌਲ ਬਣਾਇਆ ਜਾ ਰਿਹਾ ਹੈ । ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਥੇਬੰਦੀਆਂ ਦੇ ਆਗੂਆਂ ਨੂੰ ਮੀਟਿੰਗਾਂ ਦਾ ਸਮਾਂ ਦੇਕੇ ਮੁੱਕਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਵਿੱਚ ਮੌਜੂਦਾ ਮੰਤਰੀ ਸਤਾ ਵਿੱਚ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਧਰਨਿਆਂ ਵਿੱਚ ਆ ਕੇ ਬੈਠਦੇ ਸਨ ਅਤੇ ਇਨ੍ਹਾਂ ਹੀ ਮੰਗਾਂ ਨੂੰ ਬਿਲਕੁਲ ਸਹੀ ਅਤੇ ਜਾਇਜ਼ ਕਰਾਰ ਦਿੰਦੇ ਸਨ ਲੇਕਿਨ ਅੱਜ ਜਦੋਂ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਸੌਂਪ ਦਿੱਤੀ ਤਾਂ ਸੱਤਾ ਦੇ ਨਸ਼ੇ ਵਿੱਚ ਗਲਤਾਨ ਇਹ ਲੋਕ ਕੀਤੇ ਵਾਅਦਿਆਂ ਤੋਂ ਮੁੱਕਰ ਗਏ। ਇਥੇ ਇਹ ਕਹਿਣਾ ਜਾਇਜ਼ ਹੋਵੇਗਾ ਇਨ੍ਹਾਂ ਨੇ ਬੇਸ਼ਰਮੀ ਹੀ ਧਾਰ ਲਈ ਹੈ । ਪੈਨਸ਼ਨਰਜ਼ ਆਗੂਆਂ ਨੇ ਦੱਸਿਆ ਕਿ 29 ਅਕਤੂਬਰ ਨੂੰ ਐਸ ਡੀ ਐਮ ਦਫਤਰ ਸੁਨਾਮ ਦੇ ਸਾਹਮਣੇ ਮੁੱਖ ਮੰਤਰੀ ਦੀ ਅਰਥੀ ਸਾੜੀ ਜਾਵੇਗੀ ਅਤੇ 10 ਨਵੰਬਰ ਨੂੰ ਹਲਕਾ ਬਰਨਾਲਾ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨ੍ਹਾਂ ਮੁਲਾਜ਼ਮ ਅਤੇ ਪੈਨਸ਼ਨਰਜ ਜੁਆਇੰਟ ਫਰੰਟ ਵਿੱਚ ਸ਼ਾਮਲ ਸਾਰੀਆਂ ਧਿਰਾਂ ਨੂੰ ਅਰਥੀ ਫੂਕ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇੱਕਜੁੱਟ ਹੋਕੇ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਮਨਵਾਉਣ ਲਈ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਸਕੀਏ।