ਮਾਲੇਰਕੋਟਲਾ : ਝੋਨੇ ਦੀ ਖਰੀਦ ਅਤੇ ਡੀਏਪੀ ਦੀ ਘਾਟ ਦੇ ਮਾਮਲੇ ਤੇ ਸੰਯੁਕਤ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਮਾਲੇਰਕੋਟਲਾ ਟਰੱਕ ਯੂਨੀਅਨ ਚੌਂਕ ਵਿਖੇ ਕਿਸਾਨਾਂ ਵੱਲੋਂ ਸਵੇਰੇ 11 ਤੋਂ 3 ਵਜੇ ਤੱਕ ਧਰਨਾ ਦੇ ਕੇ ਆਵਾਜਾਈ ਠੱਪ ਕਰਕੇ ਸਾਰੇ ਮਸਲਿਆਂ ਨੂੰ ਫੌਰੀ ਹੱਲ ਕਰਨ ਦੀ ਮੰਗ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿ਼ਲ੍ਹਾ ਆਗੂ ਰੁਪਿੰਦਰ ਸਿੰਘ ਚੌਂਦਾ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਜਿ਼ਲ੍ਹਾ ਪ੍ਰਧਾਨ ਅਮਰਜੀਤ ਸਿੰਘ ਰੋਹਣੋ, ਬੀਕੇਯੂ ਕਾਦੀਆ ਦੇ ਜਿ਼ਲ੍ਹਾ ਪ੍ਰਧਾਨ ਜਗਦੀਸ਼ ਸਿੰਘ ਚੌਂਦਾ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਆਗੂ ਕੁਲਵਿੰਦਰ ਸਿੰਘ ਭੂਦਨ ਨੇ ਕਿਹਾ ਕਿ ਝੋਨੇ ਦੀ ਖਰੀਦ ਦੀ ਸਮੱਸਿਆ ਲਈ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਨੀਤੀ ਅਤੇ ਪੰਜਾਬ ਸਰਕਾਰ ਦੀ ਨਾਲਾਇਕੀ ਜੁੰਮੇਵਾਰ ਹੈ। ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ ਖੁਆਰ ਕਰਕੇ ਉਨ੍ਹਾਂ ਨੂੰ ਐਮਐਸਪੀ ਤੋਂ ਘੱਟ ਤੇ ਪ੍ਰਾਈਵੇਟ ਵਪਾਰੀਆਂ ਨੂੰ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਹ ਨੀਤੀ ਸਰਕਾਰੀ ਖਰੀਦ ਅਤੇ ਮੰਡੀਆਂ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੀ ਨੀਤੀ ਹੈ ਆਗੂਆਂ ਨੇ ਕਿਹਾ ਕਿ ਜਿ਼ਲ੍ਹਾ ਸੰਗਰੂਰ ‘ਚੋਂ ਅਰੁਣਾਚਲ ਪ੍ਰਦੇਸ਼ ਭੇਜੇ ਚੌਲਾਂ ਦੇ ਸੈਂਪਲ ਫੇਲ੍ਹ ਕਰਨਾ ਕੇਂਦਰ ਸਰਕਾਰ ਦੀ ਚਾਲ ਹੈ, ਜਿਸ ਦੀ ਉਹ ਸਖ਼ਤ ਨਿਖੇਧੀ ਕਰਦੇ ਹਨ।ਉਨ੍ਹਾਂ ਕਿਹਾ ਪੰਜਾਬ ਦੇ ਲੋਕ ਇਸ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਮਸਲਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੀ 29 ਅਕਤੂਬਰ ਨੂੰ ਡਿਪਟੀ ਕਮਿਸ਼ਨਰਾਂ ਦੇ ਘਿਰਾਓ ਕਰਨ ਦਾ ਵੀ ਸੱਦਾ ਦਿੱਤਾ। ਇਸ ਰੋਸ ਧਰਨੇ ਵਿੱਚ ਮਾਨ ਸਿੰਘ ਸੱਦੋਪੁਰ ਕਮਲਦੀਪ ਸਿੰਘ ਬੁਰਜ,ਕਰਮਜੀਤ ਸਿੰਘ ਬਨਭੌਰਾ, ਗੁਰਧਿਆਨ ਸਿੰਘ ਚੌਂਦਾ, ਭਰਪੂਰ ਸਿੰਘ ਬੁੱਲਾਪੁਰ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਮਲਦੀਪ ਕੌਰ ਅਤੇ ਰਾਜਦੀਪ ਸਿੰਘ ਨੇ ਸੰਬੋਧਨ ਕਰਦਿਆਂ ਮਾੜੀ ਕਾਰਗੁਜ਼ਾਰੀ ਲਈ ਸਰਕਾਰ ਦੀ ਨਿਖੇਧੀ ਕੀਤੀ।