ਸੁਨਾਮ : ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਅਤੇ ਚੁਕਾਈ ਨਾ ਹੋਣ ਤੋਂ ਖ਼ਫ਼ਾ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਅਤੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚੇ ਦੇ ਤਾਲਮੇਲਵੇਂ ਪ੍ਰੋਗਰਾਮ ਤਹਿਤ ਸ਼ੁੱਕਰਵਾਰ ਨੂੰ ਸੁਨਾਮ ਵਿਖੇ ਜਾਖਲ ਰੋਡ ਤੇ ਸਥਿਤ ਕਾਰਪੋਰੇਟ ਘਰਾਣੇ ਦੇ ਕਾਰੋਬਾਰੀ ਪੁਆਇੰਟ ਨੂੰ ਘੇਰਕੇ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਕਿਸਾਨ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ, ਸਟੇਜ ਦੀ ਕਾਰਵਾਈ ਵੀ ਬੀਬੀਆਂ ਵੱਲੋਂ ਚਲਾਈ ਗਈ। ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਦਰਬਾਰਾ ਸਿੰਘ ਛਾਜਲਾ, ਜਸਵੰਤ ਸਿੰਘ ਤੋਲਾਵਾਲ, ਰਾਮਸ਼ਰਨ ਸਿੰਘ ਉਗਰਾਹਾਂ, ਭਗਵਾਨ ਸਿੰਘ ਸੁਨਾਮ, ਸੁਖਪਾਲ ਸਿੰਘ ਮਾਣਕ, ਜਸਵੀਰ ਕੌਰ ਉਗਰਾਹਾਂ, ਬਲਜੀਤ ਕੌਰ ਖਡਿਆਲ, ਮਨਜੀਤ ਕੌਰ ਤੋਲਾਵਾਲ, ਰਣਦੀਪ ਕੌਰ ਰਟੋਲਾਂ ਅਤੇ ਸੁਖਵਿੰਦਰ ਕੌਰ ਚੱਠਾ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਕਿਸਾਨਾਂ ਨੂੰ ਆਪਣੀ ਝੋਨੇ ਦੀ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਵਿਕ ਰਹੀ ਨਾਮਾਤਰ ਝੋਨੇ ਦੀ ਫ਼ਸਲ ਨੂੰ ਮੰਡੀਆਂ ਵਿੱਚੋਂ ਚੁੱਕਿਆ ਨਹੀਂ ਜਾ ਰਿਹਾ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਮੰਡੀਆਂ ਵਿੱਚ ਜਗ੍ਹਾ ਨਹੀਂ ਮਿਲ ਰਹੀ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਬਦਲੇ ਦੀ ਭਾਵਨਾ ਨਾਲ ਪੇਸ਼ ਆ ਰਹੀ ਹੈ ਇਸੇ ਕਾਰਨ ਸਮਾਂ ਰਹਿੰਦੇ ਗੁਦਾਮਾਂ ਵਿੱਚੋਂ ਚਾਵਲ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਖੇਤੀ ਨੂੰ ਅਮੀਰ ਘਰਾਣਿਆਂ ਦੇ ਸਪੁਰਦ ਕਰਨਾ ਚਾਹੁੰਦੀ ਹੈ ਇਸੇ ਨੀਤੀ ਤਹਿਤ ਕਿਸ਼ਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੁਪਹਿਰ 12 ਤੋਂ 3 ਵਜੇ ਤੱਕ ਕਾਰਪੋਰੇਟ ਘਰਾਣੇ ਦੇ ਕਾਰੋਬਾਰੀ ਪੁਆਇੰਟ ਅੱਗੇ ਦਿੱਤੇ ਧਰਨੇ ਕਾਰਨ ਗਾਹਕਾਂ ਨੂੰ ਵਧੇਰੇ ਕਰਕੇ ਨਿਰਾਸ਼ ਪਰਤਨਾ ਪਿਆ। ਕਿਸਾਨ ਆਗੂਆਂ ਨੇ ਡੀ ਏ ਪੀ ਖਾਦ ਦੀ ਘਾਟ ਅਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਦਰਜ਼ ਕੀਤੇ ਜਾ ਰਹੇ ਪਰਚਿਆਂ ਦਾ ਵੀ ਜ਼ਿਕਰ ਕੀਤਾ।