ਖਨੌਰੀ ਵਾਸੀਆਂ ਨੂੰ ਬੱਸਾਂ ਸਬੰਧੀ ਆ ਰਹੀ ਦਿੱਕਤ ਜਲਦੀ ਦੂਰ ਕਰਾਵਾਂਗੇ: ਯੂਥ ਕੋਆਰਡੀਨੇਟਰ ਵਿਸ਼ਾਲ ਕਾਂਸਲ
ਖਨੌਰੀ : ਸਰਕਾਰੀ ਬਸਾਂ ਦੇ ਰੂਟ ਬੰਦ ਹੋਣ ਕਾਰਨ ਖਨੌਰੀ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਅਪਣੇ ਜ਼ਿਲ੍ਹੇ ਸੰਗਰੂਰ ਦੇ ਕਸਬਾ ਖਨੌਰੀ ਵਿਖੇ ਆਉਣ ਜਾਣ ਵਾਲੀਆਂ ਸਰਕਾਰੀ ਬਸਾਂ ਦੇ ਰੂਟ ਬੰਦ ਹੋਣ ਕਾਰਨ ਆਸ ਪਾਸ ਦੇ ਪਿੰਡਾਂ ਅਤੇ ਸ਼ਹਿਰ ਦੀਆਂ ਸਵਾਰੀਆਂ ਨੂੰ ਭਾਰੀ ਖੱਜਲ ਖੁਆਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਲਮ ਇਹ ਹੈ ਕਿ ਬਸਾਂ ਰਾਹੀਂ ਦੂਰ-ਦੁਰਾਡੇ ਜਾਣ ਵਾਲੀਆਂ ਸਵਾਰੀਆਂ ਨੂੰ ਨਾ ਸਿਰਫ਼ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਅਪਣੀ ਮੰਜ਼ਲ 'ਤੇ ਪਹੁੰਚਣ ਵਿੱਚ ਹੋਣ ਵਾਲੀ ਦੇਰੀ ਤੋਂ ਲੋਕ ਬੇਹੱਦ ਦੁਖੀ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ- ਵੱਖ ਸ਼ਹਿਰਾਂ ਤੋਂ ਖਨੌਰੀ ਲਈ ਚੱਲਣ ਵਾਲੀਆਂ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਹੁਤ ਸਾਰੀਆਂ ਬੱਸ ਪੰਜਾਬ ਹਰਿਆਣਾ ਸਰਹੱਦ ਨੇੜੇ ਪੈਂਦੇ ਖਨੌਰੀ ਵਿਖੇ ਰਾਤ ਸਮੇਂ ਰੁਕਦੀਆਂ ਸਨ ਜੋ ਸਵੇਰੇ ਤੜਕਸਾਰ ਦੂਰ-ਦੁਰਾਡੇ ਜਾਣ ਵਾਲੇ ਰੂਟਾਂ ਉਤੇ ਚੱਲਦੀਆਂ ਪਰ ਪਿਛਲੇ ਕੁੱਝ ਸਮੇਂ ਤੋਂ ਖਨੌਰੀ ਵਿਖੇ ਰਾਤ ਸਮੇਂ ਰੁਕਣ ਵਾਲੀਆਂ ਬਹੁ ਗਿਣਤੀ ਬੱਸਾਂ ਦੇ ਰੂਟ ਬੰਦ ਪਏ ਹੋਣ ਦੇ ਨਾਲ ਨਾਲ ਪਟਿਆਲਾ ਜ਼ਿਲ੍ਹੇ ਦੇ ਆਖਰੀ ਅਤੇ ਇਤਿਹਾਸਿਕ ਪਿੰਡ ਬਹਿਰ ਸਾਹਿਬ, ਅੰਮ੍ਰਿਤਸਰ ਤੋਂ ਕੈਥਲ, ਫ਼ਰੀਦਕੋਟ ਤੋਂ ਕੇਬਲ ਆਦਿ ਬੱਸ ਰੂਟਾਂ ਦੇ ਸਟੇਅ ਕੇਥਲ ਜਾ ਕੇ ਰਾਤ ਦੇ ਸਟੇਅ ਹੁੰਦੇ ਸਨ, ਜਿਸ ਨਾਲ ਖਨੌਰੀ ਅਤੇ ਲਾਗਲੇ ਪਿੰਡਾਂ ਤੋਂ ਸਵੇਰ ਸਮੇਂ ਸਕੂਲ ਕਾਲਜ ਜਾਂ ਡਿਊਟੀ ਜਾਣ ਵਾਲੇ ਲੋਕਾਂ ਨੂੰ ਸਹੀ ਸਮੇਂ ਤੇ ਸਵੇਰੇ ਬੱਸਾਂ ਦੇ ਸਫਰ ਦੀ ਸਹੂਲਤ ਮਿਲਦੀ ਸੀ ਜਿਸ ਨਾਲ ਉਹ ਸਹੀ ਸਮੇਂ ਤੇ ਆਪਣੀ ਮੰਜ਼ਲ ਤੇ ਪਹੁੰਚ ਜਾਂਦੇ ਸਨ। ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਇਨ੍ਹਾਂ ਬੱਸਾਂ ਦੇ ਬਹੁਤ ਜ਼ਿਆਦਾ ਰੂਟ ਬੰਦ ਕਰ ਦਿੱਤੇ ਹਨ ਤੇ ਕੁਝ ਬੱਸਾਂ ਦੇ ਰੂਟ ਖਨੌਰੀ ਤੋਂ ਪਿਛਲੇ ਸਟਪ ਪਾਤੜਾਂ ਵਿਖੇ ਹੀ ਰੋਕ ਦਿਤੇ ਹਨ, ਜਿਸ ਕਰਕੇ ਲੋਕਾਂ ਨੂੰ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਖਨੌਰੀ ਵਾਸੀਆਂ ਨੂੰ ਬੱਸਾਂ ਸਬੰਧੀ ਆ ਰਹੀ ਦਿੱਕਤ ਜਲਦੀ ਦੂਰ ਕਰਾਵਾਂਗੇ: ਯੂਥ ਕੋਆਰਡੀਨੇਟਰ ਵਿਸ਼ਾਲ ਕਾਂਸਲ
ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਕੋ ਕੋਆਰਡੀਨੇਟਰ ਵਿਸ਼ਾਲ ਕਾਂਸਲ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਕਈ ਦਿਨਾਂ ਤੋਂ ਇਸ ਸਬੰਧੀ ਲੋਕਾਂ ਜਾਂ ਸ਼ਿਕਾਇਤਾਂ ਮਿਲ ਰਹੀਆਂ ਸਨ। ਜੋ ਸਾਰਾ ਮਾਮਲਾ ਉਹਨਾਂ ਵੱਲੋਂ ਕੈਬਿਨਟ ਮੰਤਰੀ ਐਡਵੋਕੇਟ ਵਰਿੰਦਰ ਗੋਇਲ ਜੀ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਇਸ ਸਬੰਧੀ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹੰਡਾਣਾ ਨਾਲ ਵੀ ਗੱਲਬਾਤ ਕੀਤੀ ਹੈ। ਉਹਨਾਂ ਭਰੋਸਾ ਦਵਾਇਆ ਹੈ ਕਿ ਜਲਦੀ ਹੀ ਖਨੌਰੀ ਤੋਂ ਬੱਸਾਂ ਚਾਲੂ ਕਰਾਉਣ ਸਬੰਧੀ ਨਵੇਂ ਟਾਈਮ ਸ਼ਡਿਊਲ ਕੀਤੇ ਜਾਣਗੇ ਅਤੇ ਖੇਤਰ ਖਨੌਰੀ ਅਤੇ ਨਾਲ ਲੱਗਦੇ ਪਿੰਡਾਂ ਤੇ ਲੋਕਾਂ ਲਈ ਸਵੇਰ ਦੇ ਸਮੇਂ ਦੌਰਾਨ ਅਤੇ ਦੇਰ ਰਾਤ ਪਬਲਿਕ ਟ੍ਰਾਂਸਪੋਰਟ ਦੀ ਸਹੂਲਤ ਮੁੜ ਬਹਾਲ ਕੀਤੀ ਜਾਵੇਗੀ।