ਸੁਨਾਮ : ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਕਰਵਾਈਆਂ ਜਿਲਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਪਹਿਲੇ ਸਥਾਨ ਤੇ ਆਉਣ ਆਏ ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ -1 ਦੇ ਵਿਦਿਆਰਥੀਆਂ ਦਾ ਗ੍ਰਾਮ ਪੰਚਾਇਤ ਵੱਲੋਂ ਸਨਮਾਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ -1 ਸ਼ੇਰੋਂ ਦੇ ਹੈਡ ਮਾਸਟਰ ਮਨਪ੍ਰੀਤ ਰਾਣਾ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ 68 ਵੀਆਂ ਜਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ ਹੈ ਇਸ ਲਈ ਗ੍ਰਾਮ ਪੰਚਾਇਤ ਮਾਡਲ ਟਾਊਨ -1 ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਹੈ। ਹੈਡ ਟੀਚਰ ਮਨਪ੍ਰੀਤ ਰਾਣਾ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਕੁੜੀਆਂ, 400 ਮੀਟਰ ਦੌੜਾਂ ਅਤੇ ਰਿਲੇਅ ਕੁੜੀਆਂ ਦੁਆਰਾ ਪਹਿਲੀ ਪੁਜੀਸ਼ਨ ਪ੍ਰਾਪਤ ਕਰਕੇ ਗੋਲਡ ਮੈਡਲ ਜਿੱਤੇ। ਉਨ੍ਹਾਂ ਕਿਹਾ ਕਿ ਸਕੂਲ ਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਖਿਡਾਰੀ ਵੱਡੇ ਟੁਰਨਾਂਮੈਂਟ ਖੇਡਣ ਦੇ ਸਮਰੱਥ ਬਣ ਸਕਣ। ਸਰਪੰਚ ਸਿਕੰਦਰ ਸਿੰਘ ਔਲਖ ਨੇ ਬੱਚਿਆਂ ਨੂੰ ਸਨਮਾਨਿਤ ਕਰਕੇ ਸਟੇਟ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਲਈ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਅਸ਼ੀਰਵਾਦ ਦਿੱਤਾ । ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜ਼ਿੰਦਗੀ ਦਾ ਅਹਿਮ ਅੰਗ ਹਨ, ਜਿੱਥੇ ਇਨਸਾਨ ਸਰੀਰਕ ਤੌਰ ਤੇ ਤੰਦਰੁਸਤ ਰਹਿੰਦਾ ਹੈ ਉੱਥੇ ਭਾਈਚਾਰਕ ਸਾਂਝ ਵੀ ਬਣਦੀ ਹੈ। ਇਸ ਸਮੇਂ ਬਾਬਾ ਆਜ਼ਾਦ ਸਿੰਘ ,ਕਰਮਜੀਤ ਕੌਰ, ਲਖਵਿੰਦਰ ਲੱਖੀ, ਭੋਲਾ ਸੰਗਰਾਮੀ, ਜੋਗਿੰਦਰ ਸਿੰਘ, ਜਸਵੀਰ ਕੌਰ, ਜਗਪਾਲ ਸਿੰਘ, ਹਰਵਿੰਦਰ ਸਿੰਘ, ਮਨਪ੍ਰੀਤ ਮਨੀ, ਤਰਸੇਮ ਸਿੰਘ, ਹਰਮੇਲ ਸਿੰਘ ਅਤੇ ਸਕੂਲ ਸਟਾਫ ਦੇ ਮੈਬਰ ਹਾਜ਼ਰ ਸਨ।