ਮੋਹਾਲੀ : ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਥਾਨਕ ਸਰਕਾਰ ਮੰਤਰੀ ਨੂੰ ਪੱਤਰ ਲਿਖ ਕੇ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਉੱਤੇ ਜਾਣ ਬੁਝ ਕੇ ਮੋਹਾਲੀ ਦੀ ਕੂੜੇ ਦੀ ਗੰਭੀਰ ਸਮੱਸਿਆ ਨੂੰ ਲਮਕਾਉਣ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਮੋਹਾਲੀ ਦੇ ਆਰਐਮਸੀ ਪੁਆਇੰਟਾਂ ਤੋਂ ਕੂੜਾ ਚੁੱਕਣ ਲਈ ਦਿੱਤੇ ਜਾਣ ਵਾਲੇ ਠੇਕੇ ਦੀ ਫਾਈਲ ਨੂੰ ਸਥਾਨਕ ਸਰਕਾਰ ਵਿਭਾਗ ਤੋਂ ਫੌਰੀ ਤੌਰ ਤੇ ਮਨਜ਼ੂਰੀ ਦਵਾਉਣ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਇੱਕ ਹਫਤੇ ਦੇ ਅੰਦਰ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਨੇ ਫਾਈਲ ਕਲੀਅਰ ਨਾ ਕੀਤੀ ਤਾਂ ਉਹ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਦੇ ਅੱਗੇ ਧਰਨਾ ਦੇਣਗੇ ਜਿਸ ਦੀ ਜਿੰਮੇਵਾਰੀ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਵਿੱਚ ਕੂੜੇ ਦੀ ਹਾਲਤ ਬੇਹਦ ਗੰਭੀਰ ਹੈ। ਅਤੇ ਇਸ ਕੂੜੇ ਕਾਰਨ ਕਦੇ ਵੀ ਮੋਹਾਲੀ ਵਿੱਚ ਬਿਮਾਰੀ ਫੈਲ ਸਕਦੀ ਹੈ। ਉਹਨਾਂ ਕਿਹਾ ਕਿ ਪਹਿਲਾਂ ਅਦਾਲਤ ਦੇ ਆਦੇਸ਼ਾਂ ਕਾਰਨ ਮੋਹਾਲੀ ਦਾ ਡੰਪਿੰਗ ਗਰਾਊਂਡ ਕਈ ਮਹੀਨਿਆਂ ਤੋਂ ਬੰਦ ਪਿਆ ਹੈ ਅਤੇ ਆਰਐਮਸੀ ਪੁਆਇੰਟ ਕੂੜੇ ਨਾਲ ਭਰੇ ਪਏ ਹਨ। ਉਹਨਾਂ ਕਿਹਾ ਕਿ ਇਸ ਕੂੜੇ ਦੀ ਆਰਜ਼ੀ ਚੁਕਾਈ ਲਈ ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ, ਉਸ ਦੀ ਸਮਰੱਥਾ 40 ਟਨ ਕੂੜਾ ਚੁੱਕਣ ਤੋਂ ਵੱਧ ਨਹੀਂ ਹੈ ਜਦੋਂ ਕਿ ਮੋਹਾਲੀ ਵਿੱਚ ਰੋਜ਼ਾਨਾ 70 ਟਨ ਤੋਂ ਵੱਧ ਕੂੜਾ ਪੈਦਾ ਹੋ ਰਿਹਾ ਹੈ। ਦਿਵਾਲੀ ਦੇ ਤਿਉਹਾਰ ਕਾਰਨ ਇਸ ਤੋਂ ਦੁਗਣਾ ਕੂੜਾ ਮਹਾਲੀ ਵਿੱਚ ਪੈਦਾ ਹੋਇਆ ਹੈ ਜੋ ਆਰਐਮਸੀ ਪੁਆਇੰਟਾਂ ਤੋਂ ਬਾਹਰ ਸੜਕਾਂ ਉੱਤੇ ਰੋਲ ਰਿਹਾ ਹੈ। ਉਹਨਾਂ ਕਿਹਾ ਕਿ ਨਵਾਂ ਠੇਕਾ ਜਿਸ ਕੰਪਨੀ ਨੂੰ ਦਿੱਤਾ ਜਾਣਾ ਹੈ ਉਸ ਦੀ ਸਮਰਥਾ 100 ਟਨ ਕੂੜਾ ਰੋਜਾਨਾ ਚੁੱਕਣ ਦੀ ਹੈ ਅਤੇ ਇਸ ਦੀ ਫਾਈਲ 21 ਅਕਤੂਬਰ ਨੂੰ ਸਥਾਨਕ ਸਰਕਾਰ ਵਿਭਾਗ ਵਿੱਚ ਭੇਜੀ ਗਈ ਸੀ ਪਰ ਹਾਲੇ ਤੱਕ ਵਿਭਾਗ ਨੇ ਇਸ ਫਾਈਲ ਉੱਤੇ ਮਨਜ਼ੂਰੀ ਨਹੀਂ ਦਿੱਤੀ ਅਤੇ ਇਸ ਮਸਲੇ ਨੂੰ ਜਾਣ ਬੁਝ ਕੇ ਲਮਕਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਮੋਹਾਲੀ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇੱਕ ਪਾਸੇ ਪਹਿਲਾਂ ਹੀ ਮੋਹਾਲੀ ਵਿੱਚ ਡੇਂਗੂ ਫੈਲਿਆ ਹੋਇਆ ਹੈ। ਸੋਮਵਾਰ ਨੂੰ ਹੀ 20 ਡੇਂਗੂ ਦੇ ਹੋਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ ਕੁੱਲ 1213 ਕੇਸ ਮੋਹਾਲੀ ਵਿੱਚ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀਆਂ ਦੇ ਲਾਪਰਵਾਹੀ ਕਾਰਨ ਮੋਹਾਲੀ ਵਿੱਚ ਸੜ ਰਹੇ ਕੂੜੇ ਕਾਰਨ ਹੋਰ ਬਿਮਾਰੀਆਂ ਫੈਲਣ ਦਾ ਖਦਸ਼ਾ ਬਣ ਗਿਆ ਹੈ। ਉਹਨਾਂ ਕਿਹਾ ਕਿ ਦੋ ਦਿਨ ਪਹਿਲਾਂ ਫੇਜ਼ ਇੱਕ ਦੀ ਮਾਰਕੀਟ ਦੇ ਬਿਲਕੁਲ ਨਾਲ ਆਰਐਮਸੀ ਪੁਆਇੰਟ ਦੇ ਕੂੜੇ ਨੂੰ ਅੱਗ ਲੱਗ ਚੁੱਕੀ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀ ਮੋਹਾਲੀ ਨਗਰ ਨਿਗਮ ਨੂੰ ਜਾਣ ਬੁਝ ਕੇ ਬਦਨਾਮ ਕਰਨਾ ਚਾਹੁੰਦੇ ਹਨ ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਉਹਨਾਂ ਕਿਹਾ ਕਿ ਜੇਕਰ ਇੱਕ ਹਫਤੇ ਦੇ ਅੰਦਰ ਸਥਾਨਕ ਸਰਕਾਰ ਵਿਭਾਗ ਦੇ ਅਧਿਕਾਰੀ ਇਸ ਫਾਈਲ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਤਾਂ ਮਜਬੂਰ ਹੋ ਕੇ ਉਹਨਾਂ ਨੂੰ ਸਥਾਨਕ ਸਰਕਾਰ ਵਿਭਾਗ ਦੇ ਦਫਤਰ ਅੱਗੇ ਧਰਨਾ ਦੇਣਾ ਪਵੇਗਾ ਜਿਸ ਲਈ ਸਿੱਧੇ ਤੌਰ ਤੇ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ। ਉਹਨਾਂ ਮੰਤਰੀ ਨੂੰ ਬੇਨਤੀ ਕੀਤੀ ਕਿ ਫੌਰੀ ਤੌਰ ਤੇ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਮੋਹਾਲੀ ਦੇ ਲੋਕਾਂ ਨੂੰ ਕੂੜੇ ਤੋਂ ਨਿਜਾਤ ਹਾਸਲ ਹੋ ਸਕੇ।
ਇਸ ਪੱਤਰ ਦੀ ਕਾਪੀ ਸਥਾਨਕ ਸਰਕਾਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਤੇ ਡਾਇਰੈਕਟਰ ਦੇ ਨਾਲ ਨਾਲ ਮੋਹਾਲੀ ਨਗਰ ਨਿਗਮ ਦੇ ਕਮਿਸ਼ਨਰ ਨੂੰ ਭੇਜੀ ਗਈ ਹੈ।